ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣੇ 'ਤੇ ਡੂੰਗੇ ਅਫਸੋਸ ਦਾ ਪ੍ਰਗਟਾਵਾ ਕੀਤਾ

By  Joshi August 17th 2017 11:37 AM

ਅੰਮ੍ਰਿਤਸਰ: ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਗਿਆਨੀ ਮੱਲ ਸਿੰਘ ਸਿੱਖ ਕੌਮ ਦੀ ਵਿਦਵਾਨ ਸ਼ਖਸੀਅਤ ਸਨ ਅਤੇ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰੋ: ਬਡੂੰਗਰ ਨੇ ਕਿਹਾ ਕਿ ਗਿਆਨੀ ਮੱਲ ਸਿੰਘ ਨੇ ੧੯੭੯ ਵਿਚ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਵਿਖੇ ਗ੍ਰੰਥੀ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਗੁਰੂ ਦੀ ਭੈਅ ਭਾਵਨੀ ਵਿਚ ਸੇਵਾ ਕਰਦਿਆਂ ਆਪਣੀ ਗੁਰਮਤਿ ਯੋਗਤਾ ਤੇ ਬੁੱਧੀਮਤਾ ਸਦਕਾ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਪ੍ਰਾਪਤ ਕੀਤੀ।

Takht Sri Kesgarh Sahib Jathedaar Giani Mal Singh passes awayTakht Sri Kesgarh Sahib Jathedaar Giani Mal Singh passes away

ਉਹ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਹੈਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਪ੍ਰੋ: ਬਡੂੰਗਰ ਨੇ ਕਿਹਾ ਕਿ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣੇ ਨਾਲ ਕੌਮ ਇੱਕ ਵਿਦਵਾਨ ਜਥੇਦਾਰ ਤੋਂ ਵਾਂਝੀ ਹੋ ਗਈ ਹੈ।

ਜਥੇਦਾਰ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣੇ ਬਾਰੇ ਖਬਰ ਮਿਲਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੇ ਸਮੁੰਦਰੀ ਹਾਲ ਵਿਖੇ ਇਕੱਤਰ ਹੋ ਕੇ ਮੂਲ ਮੰਤਰ, ਗੁਰ ਮੰਤਰ ਤੇ ਅਰਦਾਸ ਰਾਹੀਂ ਗਿਆਨੀ ਮੱਲ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਨਿਰਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਅਤੇ ਇਸ ਨਾਲ ਸਬੰਧਤ ਸਮੁੱਚੇ ਅਦਾਰੇ ਬੰਦ ਕਰ ਦਿੱਤੇ ਗਏ ਜੋ ਭਲਕੇ ਮਿਤੀ ੧੬-੦੮-੨੦੧੭ ਨੂੰ ਵੀ ਬੰਦ ਰਹਿਣਗੇ। ਦੱਸਣਾ ਬਣਦਾ ਹੈ ਕਿ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਤਬੀਅਤ ਠੀਕ ਨਾ ਹੋਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੂਰੇ ਵਿਸ਼ਵ ਅੰਦਰ ਵੱਸਦੇ ਸਿੱਖਾਂ ਵਿਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।

—PTC News

Related Post