ਪੱਟੀ ਅਨਾਜ ਮੰਡੀ ਵਿੱਚ ਦੋ ਖਰੀਦ ਇੰਸਪੈਕਟਰ ਕੀਤੇ ਮੁਅੱਤਲ, ਜਾਣੋ ਮਾਮਲਾ

By  Joshi November 11th 2018 07:04 PM -- Updated: November 11th 2018 07:06 PM

ਪੱਟੀ ਅਨਾਜ ਮੰਡੀ ਵਿੱਚ ਦੋ ਖਰੀਦ ਇੰਸਪੈਕਟਰ ਕੀਤੇ ਮੁਅੱਤਲ, ਜਾਣੋ ਮਾਮਲਾ,ਤਰਨਤਾਰਨ: ਪੱਟੀ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਬੋਗਸ ਮਿਲਿੰਗ ਦਾ ਮਾਮਲਾ ਸਾਹਮਣੇ ਆਉਣ ਬਾਅਦ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਟੀਮ ਵੱਲੋਂ ਕੀਤੀ ਜਾਂਚ ਦੌਰਾਨ ਕਈ ਬੇਨਿਯਮੀਆਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਇਸ ਮੰਡੀ ਵਿੱਚ ਖਰੀਦ ਲਈ ਜ਼ਿੰਮੇਵਾਰ ਮਾਰਕਫੈੱਡ ਅਤੇ ਪਨਗਰੇਨ ਦੇ ਖਰੀਦ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਪੱਟੀ ਮੰਡੀ ਵਿੱਚ ਮਾਰਕਫੈਡ ਤੇ ਪਨਗਰੇਨ ਨੂੰ ਖਰੀਦ ਤੋਂ ਰੋਕ ਦਿੱਤਾ ਗਿਆ ਹੈ ਅਤੇ ਹੁਣ ਇਸ ਮੰਡੀ ਵਿੱਚ ਪੰਜਾਬ ਐਗਰੋ ਅਤੇ ਪਨਸਪ ਵੱਲੋਂ ਹੀ ਖਰੀਦ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਮੰਡੀ ਵਿੱਚ ਖਰੀਦ ਵਿੱਚ ਬੇਨਿਯਮੀਆਂ ਸਬੰਧੀ ਸ਼ਿਕਾਇਤਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੂੰ ਮਿਲੀਆਂ ਸਨ, ਜਿੰਨ੍ਹਾਂ ਨੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੂੰ ਜਾਂਚ ਲਈ ਕਿਹਾ ਸੀ।

ਡਾਇਰੈਕਟਰ ਨੇ ਵਿਭਾਗ ਦੇ ਅਧਿਕਾਰੀਆਂ ਦੀ ਜਾਂਚ ਟੀਮ ਗਠਿਤ ਕਰਕੇ ਮੌਕੇ ਉੱਤੇ ਭੇਜੀ। ਇਸ ਟੀਮ ਨੇ ਖਰੀਦ ਵਿੱਚ ਕਈ ਊਣਤਾਈਆਂ ਪਾਈਆਂ, ਜਿਵੇਂ ਕਿ ਪਨਗਰੇਨ ਦੇ ਨਿਰੀਖਕ ਨੇ ਤੈਅ ਖਰੀਦ ਹੱਦ 25 ਫੀਸਦੀ ਨਾਲੋਂ ਵੱਧ 44 ਫੀਸਦੀ ਖਰੀਦ ਕੀਤੀ। ਪੱਟੀ ਮੰਡੀ ਵਿੱਚ ਵੱਖ ਵੱਖ ਏਜੰਸੀਆਂ ਵਿਚਾਲੇ ਫੜਾਂ ਦੀ ਵੰਡ ਵੀ ਨਹੀਂ ਕੀਤੀ ਗਈ ਸੀ। ਇੱਥੇ ਖਰੀਦ ਰਜਿਸਟਰ ਵੀ ਨਹੀਂ ਲਾਇਆ ਗਿਆ ਸੀ।

ਮੰਡੀ ਵਿੱਚ ਇਸ ਨਿਰੀਖਕ ਨੇ 22 ਅਕਤੂਬਰ ਤੋਂ 31 ਅਕਤੂਬਰ 2018 ਵਿਚਾਲੇ ਕੋਈ ਖ਼ਰੀਦ ਨਹੀਂ ਕੀਤੀ, ਜਦੋਂ ਕਿ ਨਿਰੀਖਕ ਨੇ ਬਿਨਾਂ ਖਰੀਦ ਲਿਖੇ 28,653 ਬੋਰੀਆਂ ਝੋਨਾ ਚੁਕਵਾ ਦਿੱਤਾ, ਜਿਸ ਦੀ ਖ਼ਰੀਦ ਬਾਅਦ ਵਿੱਚ ਪਹਿਲੀ ਤੇ ਦੋ ਨਵੰਬਰ ਨੂੰ ਇਕੱਠੀ ਪਾਈ ਗਈ।ਦੱਸਣਯੋਗ ਹੈ ਕਿ ਵਿਭਾਗ ਨੇ ਖਰੀਦ ਊਣਤਾਈਆਂ ਰੋਕਣ ਲਈ ਸਤੰਬਰ ਤੋਂ ਹੀ ਜਾਂਚ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਸਤੰਬਰ ਦੇ ਅਖੀਰਲੇ ਹਫ਼ਤੇ ਫਿਰੋਜ਼ਪੁਰ ਦੇ ਵੱਖ ਵੱਖ ਸ਼ੈਲਰਾਂ ਤੋਂ ਦੋ ਲੱਖ ਬੋਰੀਆਂ ਝੋਨੇ ਦੀਆਂ ਫੜੀਆਂ ਗਈਆਂ।

ਇਸੇ ਦੌਰਾਨ ਜਲੰਧਰ ਤੇ ਮੋਗਾ ਜ਼ਿਲਿਆਂ ਵਿੱਚ 25 ਹਜ਼ਾਰ ਬੋਰੀ ਚੌਲਾਂ ਦੀ ਫੜੀ ਗਈ। ਅਕਤੂਬਰ ਵਿੱਚ ਸੰਗਰੂਰ ਵਿੱਚ 15 ਹਜ਼ਾਰ ਬੋਰੀਆਂ ਝੋਨੇ ਦੀਆਂ ਫੜੀਆਂ ਗਈਆਂ। ਸ਼ੰਭੂ ਤੋਂ ਟਰੱਕਾਂ ਵਿੱਚ 14 ਹਜ਼ਾਰ ਬੋਰੀਆਂ ਝੋਨੇ ਦੀਆਂ ਫੜੀਆਂ ਗਈਆਂ, ਜੋ ਦੂਜੇ ਰਾਜਾਂ ਤੋਂ ਸਸਤੇ ਭਾਅ ਲਿਆ ਕੇ ਪੰਜਾਬ ਵਿੱਚ ਵੇਚਿਆ ਜਾਂਦਾ ਸੀ।

ਖੰਨਾ ਵਿੱਚ ਵੀ 5 ਹਜ਼ਾਰ ਬੋਰੀ ਝੋਨਾ ਫੜਿਆ ਗਿਆ, ਜੋ ਬਿਹਾਰ ਤੋਂ ਖਰੀਦਿਆ ਗਿਆ ਸੀ।ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪੱਟੀ ਮੰਡੀ ਵਿੱਚ ਹੁਣ ਸਿਰਫ਼ 2000 ਮੀਟਰਕ ਟਨ ਝੋਨਾ ਹੋਰ ਆਉਣ ਦਾ ਅਨੁਮਾਨ ਹੈ।

—PTC News

Related Post