ਲਾਕਡਾਊਨ 'ਚੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਢੰਗ-ਤਰੀਕਾ ਲੱਭਣ ਵਾਸਤੇ ਬਣੇਗੀ ਟਾਸਕ ਫੋਰਸ: ਕੈਪਟਨ ਅਮਰਿੰਦਰ

By  Shanker Badra April 8th 2020 06:19 PM -- Updated: April 8th 2020 06:20 PM

ਲਾਕਡਾਊਨ 'ਚੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਢੰਗ-ਤਰੀਕਾ ਲੱਭਣ ਵਾਸਤੇ ਬਣੇਗੀ ਟਾਸਕ ਫੋਰਸ: ਕੈਪਟਨ ਅਮਰਿੰਦਰ:ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸੂਬੇ ਨੂੰ ਲੌਕਡਾਊਨ ਤੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਢੰਗ-ਤਰੀਕਾ ਲੱਭਣ ਵਾਸਤੇ ਟਾਸਕ ਫੋਰਸ ਬਣਾਈ ਜਾਵੇਗੀ। ਸੂਬੇ ਦੇ ਉੱਘੇ ਉਦਯੋਗਪਤੀਆਂ ਨੂੰ ਇਕ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਹੁੰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਸ ਔਖੇ ਸਮੇਂ ਵਿੱਚ ਨਾਜ਼ੁਕ ਮਸਲਿਆਂ ਅਤੇ ਚੁਣੌਤੀਆਂ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਉਦਯੋਗ ਦੀ ਪੂਰੀ ਮਦਦ ਕੀਤੀ ਜਾਵੇਗੀ।

ਉਦਯੋਗਪਤੀਆਂ ਵੱਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ ਵਿੱਚੋਂ ਇਕ ਸੀ ਟਰੈਕਟਰ ਅਤੇ ਸਹਾਇਕ ਉਦਯੋਗਾਂ ਨੂੰ ਜ਼ਰੂਰੀ ਕਰਾਰ ਦੇਣਾ ਅਤੇ ਕਣਕ ਦੀ ਵਾਢੀ ਅਤੇ ਹਾੜੀ ਦੀਆਂ ਫਸਲਾਂ ਦੇ ਮੰਡੀਕਰਨ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰਾ ਕਰਨ ਲਈ ਖੋਲਣ ਦੀ ਇਜ਼ਾਜਤ ਦੇਣਾ। ਸਾਈਕਲਾਂ ਨੂੰ ਵੀ ਜ਼ਰੂਰੀ ਵਸਤਾਂ ਵਿੱਚ ਸ਼ਾਮਲ ਕਰਨ ਦੇ ਐਲਾਨ ਦੀ ਵੀ ਮੰਗ ਉਠੀ। ਇਸ ਤੋਂ ਇਲਾਵਾ ਹੋਰ ਸੁਝਾਅ ਇਹ ਵੀ ਆਇਆ ਕਿ ਪੈਕਿੰਗ ਉਦਯੋਗਾਂ ਨੂੰ ਵੀ ਖੋਲਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।

ਇਸ ਮੀਟਿੰਗ ਵਿੱਚ ਵੱਡਾ ਮਾਮਲਾ ਜਿਹੜਾ ਵਿਚਾਰਿਆ ਗਿਆ, ਉਹ ਫਰਮਾਸੂਟੀਕਲ ਕੰਪਨੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸੀ, ਜਿਹੜੀਆਂ ਕੋਵਿਡ-19 ਸੰਕਟ ਨਾਲ ਨਜਿੱਠਣ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਮੁਸ਼ਕਲਾਂ ਵਿੱਚੋਂ ਇਕ ਜੰਮੂ ਕਸ਼ਮੀਰ ਵਿੱਚ ਅੰਤਰ-ਰਾਜ ਆਵਾਜਾਈ ਨੂੰ ਬੰਦ ਕਰਨਾ ਅਤੇ ਹਰਿਆਣਾ ਤੋਂ ਮਾਲ ਅਤੇ ਮਜ਼ਦੂਰਾਂ ਨੂੰ ਲਿਆਉਣ 'ਤੇ ਲਗਾਈਆਂ ਕੁਝ ਪਾਬੰਦੀਆਂ ਦਾ ਹੈ। ਉਦਯੋਗਾਂ ਦੁਆਰਾ ਨਗਦ ਲੈਣ-ਦੇਣ ਦੀਆਂ ਦਿੱਕਤਾਂ ਨੂੰ ਵੀ ਉਜਾਗਰ ਕੀਤਾ ਗਿਆ ਜੋ ਇਸ ਸੰਕਟ ਸਮੇਂ ਦੌਰਾਨ ਮਜ਼ਦੂਰਾਂ ਨੂੰ ਕੀਤੀਆਂ ਜਾਣ ਵਾਲੀਆਂ ਅਦਾਇਗੀਆਂ ਬਾਰੇ ਸਪੱਸ਼ਟਤਾ ਚਾਹੁੰਦੇ ਸਨ।

ਮੁੱਖ ਮੰਤਰੀ ਨੇ ਉਦਯੋਗਾਂ ਦਾ ਇਸ ਸੰਕਟ ਦੀ ਘੜੀ ਵਿੱਚ ਸੂਬਾ ਸਰਕਾਰ ਨੂੰ ਨਿਰੰਤਰ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਲੜਾਈ ਲੰਬੀ ਚੱਲ ਸਕਦੀ ਹੈ ਜਿਸ ਦੇ ਵਿਸ਼ਵ ਵਿਆਪੀ ਅਰਥ ਵਿਵਸਥਾ ਅਤੇ ਉਦਯੋਗਾਂ ਉਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਹਰ ਕੋਈ ਇਸ ਲੌਕਡਾਊਨ ਤੋਂ ਪ੍ਰਭਾਵਿਤ ਹੈ। ਉਨ•ਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਭਾਰਤ ਨੇ ਸ਼ੁਰੂਆਤ ਵਿੱਚ ਹੀ ਪਹਿਲ ਕਰ ਦਿੱਤੀ ਹੈ ਅਤੇ ਸ਼ੁਰੂਆਤੀ ਸਮੇਂ ਚੁੱਕੇ ਇਹ ਕਦਮ ਬਹੁਤ ਮੱਦਦਗਾਰ ਸਾਬਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਸਥਿਤੀ ਪੂਰੀ ਕੰਟਰੋਲ ਹੇਠ ਹੈ।

ਮੁੱਖ ਮੰਤਰੀ ਨੇ ਇਹ ਦੱਸਿਆ ਕਿ ਪਰਵਾਸੀ ਮਜਦੂਰਾਂ ਨੂੰ ਰੋਕਣ ਅਤੇ ਉਨ੍ਹਾਂ ਦੀ ਦੇਖਭਾਲ ਲਈ ਉਦਯੋਗ ਨੂੰ ਉਨ੍ਹਾਂ ਦੀ ਅਪੀਲ ਕੋਈ ਹੁਕਮ ਨਹੀਂ ਸੀ ਬਲਕਿ ਇਕ ਸੁਝਾਅ ਸੀ। ਉਨ੍ਹਾਂ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਲੌਕਡਾਊਨ ਨੂੰ ਹੋਰ ਕਿੰਨਾ ਚਿਰ ਜਾਰੀ ਰੱਖਣ ਦੀ ਜ਼ਰੂਰਤ ਹੋਵੇਗੀ, ਇਸ ਲਈ ਉਨ੍ਹਾਂ ਨੂੰ ਵਾਪਸ ਨਾ ਜਾਣ ਦੇਣਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰਵਾਸੀ ਮਜ਼ਦੂਰ ਚਲੇ ਜਾਂਦੇ ਹਨ ਤਾਂ ਉਹ ਆਸਾਨੀ ਨਾਲ ਵਾਪਸ ਨਹੀਂ ਆ ਸਕਣਗੇ। ਇਸ ਦੇ ਚੱਲਦਿਆਂ ਵਾਢੀ ਅਤੇ ਖਰੀਦ ਸੀਜ਼ਨ ਲਈ ਤਿਆਰ ਸੂਬਿਆਂ ਸਾਹਮਣੇ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ।

-PTCNews

Related Post