ਅਧਿਆਪਕਾਂ ਵੱਲੋਂ 'ਕਾਲੀ ਦੀਵਾਲੀ' ਮਨਾਉਣ ਦਾ ਐਲਾਨ

By  Joshi November 4th 2018 07:17 PM -- Updated: November 4th 2018 07:18 PM

ਅਧਿਆਪਕਾਂ ਵੱਲੋਂ 'ਕਾਲੀ ਦੀਵਾਲੀ' ਮਨਾਉਣ ਦਾ ਐਲਾਨ

ਪਟਿਆਲੇ ਤੇ ਸੰਗਰੂਰ ਜਿਲ੍ਹੇ ਦੇ ਅਧਿਆਪਕਾਂ ਨੇ ਸਾਂਝੇ ਅਧਿਆਪਕ ਮੋਰਚੇ ਦੇ ਪੱਕੇ ਧਰਨੇ ਦੇ 29ਵੇਂ ਦਿਨ ਵਿੱਚ ਲਵਾਈ ਭਰਵੀਂ ਹਾਜ਼ਰੀ

ਸਾਂਝੇ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਮਿਲ ਕੇ ਆਪਣੀਆਂ ਹੱਕੀ ਮੰਗਾਂ ਤੋਂ ਕਰਵਾਇਆ ਜਾਣੂ

ਕੈਬਨਿਟ ਮੰਤਰੀ ਵੱਲੋਂ ਅਧਿਆਪਕਾਂ ਦੇ ਮੁੱਦਿਆਂ ਨੂੰ ਵਿਅਕਤੀਗਤ ਤੌਰ ਤੇ ਮੁੱਖ ਮੰਤਰੀ ਨਾਲ ਮਿਲ ਕੇ ਉਠਾਉਣ ਦਾ ਦਿੱਤਾ ਭਰੋਸਾ

ਮੁੱਖ ਮੰਤਰੀ ਵੱਲੋਂ 5 ਨਵੰਬਰ ਨੂੰ ਅਧਿਆਪਕਾਂ ਨਾਲ ਹੋਣ ਵਾਲੀ ਮੀਟਿੰਗ ਦੇ ਮੁਲਤਵੀ ਕਰਨਾ ਮੰਦਭਾਗਾ ਕਰਾਰ ਮੰਗਾਂ ਦੀ ਪ੍ਰਾਪਤੀ ਤੱਕ

ਪਟਿਆਲੇ ਦਾ ਪੱਕਾ ਮੋਰਚਾ ਚੱਲਦਾ ਰੱਖਣ ਦੇ ਪ੍ਰਣ ਨੂੰ ਦੁਹਰਾਇਆ।

ਪਟਿਆਲਾ: ਲੋਕਤੰਤਰੀ ਮਖੌਟੇ ਵਾਲੀ ਕੈਪਟਨ ਸਰਕਾਰ ਵੱਲੋਂ ਬੀਤੀ 3 ਅਕਤੂਬਰ ਨੂੰ ਪੰਜਾਬ ਦੇ ਸਿੱਖਿਆ ਇਤਿਹਾਸ 'ਚ ਕਾਲੇ ਪੰਨੇ ਲਿਖਣ ਦੇ ਵਿਰੋਧ ਵਿੱਚ 7 ਅਕਤੂਬਰ ਤੋਂ ਸ਼ੁਰੂ ਹੋਇਆ ਸਾਂਝੇ ਅਧਿਆਪਕ ਮੋਰਚੇ ਦਾ ਪੱਕਾ ਧਰਨਾ ਆਪਣੇ ਪੂਰੇ ਜੋਸ਼ ਵਿੱਚ 29ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ। ਜਿਥੇ 15 ਅਧਿਆਪਕਾਂ ਨੇ ਭੁੱਖ ਹੜਤਾਲ ਦੀ ਲੜੀ ਨੂੰ ਅੱਗੇ ਤੋਰਿਆ ਉਥੇ ਪਟਿਆਲਾ, ਸੰਗਰੂਰ ਤੇ ਫਤਿਹਗੜੵ ਸਾਹਿਬ ਜ਼ਿਲ੍ਹੇ ਦੇ ਅਧਿਆਪਕਾਂ ਨੇ ਧਰਨੇ ਵਿੱਚ ਪਰਿਵਾਰਾਂ ਸਮੇਤ ਭਰਵੀਂ ਹਾਜ਼ਰੀ ਲਵਾਈ।

ਸਾਂਝੇ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਅਧਿਆਪਕਾਂ ਦਾ ਇੱਕ ਵਫਦ ਕੈਬਨਿਟ ਮੰਤਰੀ ਬ੍ਰਹਮ-ਮਹਿੰਦਰਾ ਨੂੰ ਮਿਲਿਆ ਅਤੇ ਸਿੱਖਿਆ ਸਕੱਤਰ ਤੇ ਸਿੱਖਿਆ ਮੰਤਰੀ ਵੱਲੋਂ ਅਧਿਆਪਕ ਵਰਗ ਦੀਆਂ ਦੱਬੀਆਂ-ਕੁਚਲੀਆਂ ਜਾ ਰਹੀਆਂ ਮੰਗਾਂ ਬਾਰੇ ਜਾਣੂ ਕਰਵਾਇਆ। ਸਿਹਤ ਮੰਤਰੀ ਵੱਲੋਂ ਵਿਅਕਤੀਗਤ ਰੁਚੀ ਲੈ ਕੇ ਮੁੱਖ ਮੰਤਰੀ ਨਾਲ ਮਿਲ ਕੇ ਮੁੱਦਾ ਉਠਾਉਣ ਦਾ ਵਿਸ਼ਵਾਸ਼ ਦਵਾਇਆ, ਉਹਨਾਂ ਸਿੱਖਿਆ ਸਕੱਤਰ ਵੱਲੋਂ 94% ਅਧਿਆਪਕਾਂ ਦੀ ਸਹਿਮਤੀ ਵਾਲਾ ਝੂਠਾ ਅੰਕੜਾ ਪੇਸ਼ ਕਰਨ ਤੇ ਚਿੰਤਾ ਜ਼ਾਹਿਰ ਕੀਤੀ।

ਸੂਬਾ ਕਨਵੀਨਰਾਂ ਸੁਖਵਿੰਦਰ ਸਿੰਘ ਚਾਹਲ ਤੇ ਦਵਿੰਦਰ ਸਿੰਘ ਪੂਨੀਆ, ਸੂਬਾ ਕੋ ਕਨਵੀਨਰਾਂ ਗੁਰਜਿੰਦਰ ਪਾਲ, ਹਰਦੀਪ ਟੋਡਰਪੁਰ, ਸੁਖਜਿੰਦਰ ਹਰੀਕਾ,ਵਿਕਰਮਜੀਤ ਮਾਲੇਰਕੋਟਲਾ, ਅੰਮ੍ਰਿਤਪਾਲ ਸਿੱਧੂ, ਮਲਕੀਤ ਸਿੰਘ ਆਦਿ ਨੇ ਮੁੱਖ ਮੰਤਰੀ ਵੱਲੋਂ 5 ਨਵੰਬਰ ਨੂੰ ਹੋਣ ਵਾਲੀ ਸਾਂਝੇ ਅਧਿਆਪਕ ਮੋਰਚੇ ਦੀ ਮੀਟਿੰਗ ਦੇ ਮੁਤਲਵੀ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਨਾਲ ਕਾਂਗਰਸ ਸਰਕਾਰ ਦਾ ਸਿੱਖਿਆ ਅਤੇ ਮੁਲਾਜਮ ਵਿਰੋਧੀ ਚਿਹਰਾ ਨੰਗਾ ਹੋਇਆ ਹੈ ਅਤੇ ਇਹ ਸਰਕਾਰ ਦੀ ਸਿੱਖਿਆ ਪ੍ਰਤੀ ਸੰਜੀਦਗੀ ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ।

ਉਹਨਾਂ ਨੇੜਲੇ ਭਵਿੱਖ ਵਿੱਚ ਅਧਿਆਪਕਾਂ ਦੇ ਮਸਲਿਆਂ ਦਾ ਸਾਰਥਕ ਹੱਲ ਨਾ ਹੋਣ 'ਤੇ ਸੰਘਰਸ਼ ਨੂੰ ਅਗਲੇ ਪੜਾਅ ਵਿੱਚ ਲੈ ਕੇ ਜਾਣ ਤੋਂ ਇਲਾਵਾ ਪਟਿਆਲਾ ਤੇ ਅੰਮ੍ਰਿਤਸਰ ਵਿਖੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਵੀ ਕੀਤਾ।ਇਸ ਮੌਕੇ ਵਿਕਰਮ ਦੇਵ ਸਿੰਘ, ਰਣਜੀਤ ਮਾਨ, ਬਲਵੀਰ ਚੰਦ ਲੌਗੋਵਾਲ, ਫਕੀਰ ਸਿੰਘ ਟਿੱਬਾ, ਗੁਰਪਰੀਤ ਅੰਮੀਵਾਲ, ਹਰਜੀਤ ਜੁਨੇਜਾ, ਇਸਤਰੀ ਜਾਗਰਤੀ ਮੰਚ ਤੋਂ ਅਮਨ ਦਿਉਲ, ਡੀ.ਐਮ.ਐਫ ਤੋਂ ਬਲਵਿੰਦਰ ਚਾਹਲ, ਨਵਨੀਤ ਅਨਾਇਤਪੁਰੀ, ਜੋਸ਼ੀਲ ਤਿਵਾੜੀ, ਰਜਿੰਦਰ ਸਿੰਘ ਰਾਜੇ,ਸੁਖਪਾਲ ਸਿੰਘ ਮਾਣਕ,ਪਰਵਿੰਦਰ ਉੱਭਾਵਾਲ,ਅੰਮਿਰਤਪਾਲ ਸਿੰਘ ਆਦਿ ਮੌਜੂਦ ਰਹੇ।

—PTC News

Related Post