Teachers Day 2021: ਇਸ ਅਧਿਆਪਕ ਦੇ ਜਜ਼ਬੇ ਨੂੰ ਸਲਾਮ, ਬੱਚਿਆਂ ਨੂੰ ਸਕੂਲ ਲਿਆਉਣ ਲਈ ਕੀਤਾ ਇਹ ਉਪਰਾਲਾ

By  Riya Bawa September 2nd 2021 05:06 PM

Teachers Day 2021: ਭਾਰਤ ਵਿੱਚ ਹਰ ਸਾਲ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਅਧਿਆਪਕਾਂ ਦੇ ਸਨਮਾਨ ਵਿੱਚ ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲਾਂ ਵਿੱਚ ਅਧਿਆਪਕਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਬੱਚੇ ਇਸ ਦਿਨ ਇੱਕ ਅਧਿਆਪਕ ਦੀ ਜ਼ਿੰਦਗੀ ਜੀਉਂਦੇ ਹਨ ਅਤੇ ਅਨੁਸ਼ਾਸਨ ਅਧੀਨ ਪੂਰੇ ਸਕੂਲ ਨੂੰ ਆਪਣੀ ਜ਼ਿੰਮੇਵਾਰੀ ਨਾਲ ਚਲਾਉਂਦੇ ਹਨ। ਡਾ. ਸਰਵੇਪੱਲੀ ਰਾਧਾਕ੍ਰਿਸ਼ਣਨ ਦਾ ਜਨਮਦਿਨ 5 ਸਤੰਬਰ ਨੂੰ ਹੁੰਦਾ ਹੈ। ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੀ ਯਾਦ' 'ਚ 5 ਸਤੰਬਰ ਨੂੰ ਦੇਸ਼ ਭਰ 'ਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।

ਪੰਜਾਬ ਵਿਚ ਅਜੇ ਵੀ ਬਹੁਤ ਸਾਰੇ ਬੱਚੇ ਇਹੋ ਜਿਹੇ ਹਨ ਜੋ ਗਰੀਬੀ ਦੀ ਵਜ੍ਹਾ ਅਤੇ ਦੂਰ ਹੋਣ ਕਰਕੇ ਸਕੂਲ ਨਹੀਂ ਜਾ ਪਾਉਂਦੇ। ਦੂਜੇ ਪਾਸੇ ਸਰਕਾਰ ਵੱਲੋਂ ਬੇਸ਼ਕ ਬੱਚਿਆਂ ਦੀ ਪੜ੍ਹਾਈ ਕਿ ਬਹੁਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਫਿਰ ਵੀ ਕੁਝ ਲੋਕ ਆ ਘਰ ਦੇ ਹਾਲਤਾਂ ਕਰਕੇ ਸਕੂਲ ਨਹੀਂ ਜਾ ਪਾਉਂਦੇ ਪਰ ਅੱਜਕਲ੍ਹ ਬਹੁਤ ਸਾਰੇ ਟੀਚਰ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਕਈ ਉਪਰਾਲੇ ਕਰਦੇ ਹਨ।

ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਨੂੰ ਬਰਕਰਾਰ ਰੱਖ਼ਣ ਅਤੇ ਵਧਾਉਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕ ਨਿੱਜੀ ਉੱਦਮ ਤੋਂ ਵੀ ਪਿੱਛੇ ਨਹੀਂ ਹਟ ਰਹੇ ਜਿਸ ਕਾਰਨ ਨਿੱਜੀ ਸਕੂਲਾਂ ਦੀ ਮਹਿੰਗੀ ਸਿੱਖਿਆ ਤੋਂ ਘਾਬਰੇ ਪਿੰਡਾਂ ਦੇ ਗਰੀਬ ਗੁਰਬੇ ਦੇ ਲੋਕ ਹੁਣ ਮੁੜ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਭੇਜਣ ਲਈ ਆਪ ਦਿਲਚਸਪੀ ਦਿਖ਼ਾ ਰਹੇ ਹਨ।

ਇਕ ਅਜਿਹੀ ਹੀ ਮਿਸਾਲ ਸਰਕਾਰੀ ਹਾਈ ਸਕੂਲ ਲਲਵਾਣ ਦੇ ਕੰਪਿਊਟਰ ਅਧਿਆਪਕ ਮਨੋਜ ਕੁਮਾਰ ਨੇ ਪੇਸ਼ ਕੀਤੀ ਹੈ ਜਿਸ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਲਈ ਆਪਣੀ ਨਿੱਜੀ ਕਾਰ ਨੂੰ ਵਿਦਿਆਰਥੀਆਂ ਨੂੰ ਢੋਹਣ ਲਈ ਵਰਤਣਾ ਸ਼ੁਰੂ ਕੀਤਾ ਹੋਇਆ ਹੈ ਅਤੇ ਅਜਿਹਾ ਉਹ ਪਿਛਲੇ ਦੋ ਸਾਲਾਂ ਤੋਂ ਆਪਣੀ ਨਿੱਜੀ ਕਾਰ ਦਾ ਇਸਤੇਮਾਲ ਕਰ ਰਿਹਾ ਹੈ।

ਅਧਿਆਪਕ ਮਨੋਜ਼ ਕੁਮਾਰ ਰੋਜਾਨਾ ਆਪਣੀ ਕਾਰ ਵਿਚ ਰਵਾਨਾ ਹੋ ਕੇ 22 ਕਿੱਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ ਤੇ ਮਹਿਲਾ ਅਧਿਆਪਕਾਂ ਸਮੇਤ ਵੱਖ ਵੱਖ ਕਲਾਸਾਂ ਦੇ ਪੰਜ ਵਿਦਿਆਰਥੀਆਂ ਨੂੰ ਆਪਣੀ ਨਿੱਜੀ ਕਾਰ ਵਿਚ ਲੈ ਕੇ ਸਕੂਲ ਆਉਂਦਾ ਹੈ। ਉਸ ਤੋਂ ਬਾਅਦ ਸਾਰੀ ਛੁੱਟੀ ਤੋਂ ਬਾਅਦ ਉਹ ਫ਼ਿਰ ਇਸੇ ਤਰਾਂ ਪਹਿਲਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਉਂਦਾ ਹੈ ਅਤੇ ਉਸ ਤੋਂ ਬਾਅਦ ਉਹ ਫ਼ਿਰ ਸਕੂਲ ਆ ਕੇ ਉਨ੍ਹਾਂ ਦੋ ਅਧਿਆਪਕਾਂ ਨੂੰ ਲੈ ਕੇ ਮਾਹਿਲਪੁਰ ਛੱਡ ਕੇ ਆਪਣੇ ਘਰ ਨੂੰ ਰਵਾਨਾ ਹੁੰਦਾ ਹੈ। ਮਨੋਜ ਕੁਮਾਰ ਦੇ ਇਨ੍ਹਾਂ ਉੱਦਮਾਂ ਸਦਕਾ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਸਕੂਲ ਵਿਚ ਦਾਖ਼ਲਿਆਂ ਦੀ ਪ੍ਰਤੀਸ਼ਤਤਾ ਹਰ ਸਾਲ 10 ਤੋਂ 20 ਪ੍ਰਤੀਸ਼ਤ ਵਧ ਰਹੀ ਹੈ।

-PTC News

Related Post