ਚੰਡੀਗੜ੍ਹ ਵਿਖੇ ਖੁੱਲ੍ਹਿਆ 'ਤੇਰਾ-ਤੇਰਾ ਹਸਪਤਾਲ', 13 ਰੁਪਏ 'ਚ ਹੋਵੇਗਾ ਹਰ ਬਿਮਾਰੀ ਦਾ ਇਲਾਜ

By  Kaveri Joshi August 21st 2020 04:02 PM

ਚੰਡੀਗੜ੍ਹ :ਚੰਡੀਗੜ੍ਹ ਵਿਖੇ ਖੁੱਲ੍ਹਿਆ 'ਤੇਰਾ-ਤੇਰਾ ਹਸਪਤਾਲ', 13 ਰੁਪਏ 'ਚ ਹੋਵੇਗਾ ਹਰ ਬਿਮਾਰੀ ਦਾ ਇਲਾਜ: ਮਹਿੰਗਾਈ ਦੀ ਮਾਰ ਕਾਰਨ ਅਤੇ ਮੁਸ਼ਕਿਲ ਹਲਾਤਾਂ ਦੇ ਚਲਦੇ, ਜਿਹੜੇ ਲੋਕ ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ , ਉਹਨਾਂ ਲੋਕਾਂ ਲਈ ਸਸਤੀਆਂ ਸਿਹਤ ਸੇਵਾਵਾਂ ਵਾਲੇ ਹਸਪਤਾਲ ਵਰਦਾਨ ਦਾ ਕੰਮ ਕਰਦੇ ਹਨ। ਸ੍ਰੀ ਗੁਰੂ ਗਰੰਥ ਸਾਹਿਬ ਸੇਵਾ ਸੁਸਾਇਟੀ, ਚੰਡੀਗੜ, ਵੱਲੋਂ ਸੈਕਟਰ 45, ਚੰਡੀਗੜ੍ਹ ਵਿਖੇ ਤੇਰਾ ਹੀ ਤੇਰਾ ਮਿਸ਼ਨ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਹੈ ।

ਇਸ ਚੈਰੀਟੇਬਲ ਹਸਪਤਾਲ 'ਚ ਇੱਕ ਛੱਤ ਦੇ ਹੇਠਾਂ ਸ਼ੂਗਰ, ਗੁਰਦੇ ਦੀਆਂ ਬਿਮਾਰੀਆਂ, ਆਰਥੋਪੀਡਿਕ ਸਮੱਸਿਆਵਾਂ, ਡਿਪਰੈਸ਼ਨ ਕੰਸਲਟੈਂਸੀ, ਯੂਰੋਲੋਜੀ ਅਤੇ ਗਾਇਨਕੋਲੋਜੀ ਦੀਆਂ ਸਮੱਸਿਆਵਾਂ ਲਈ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਦਵਾਈਆਂ ਵੀ ਮਾਮੂਲੀ ਰੇਟਾਂ 'ਤੇ ਉਪਲਬੱਧ ਹੋਣਗੀਆਂ। ਇਥੋਂ ਤੱਕ ਕਿ ਹਸਪਤਾਲ ਵਿਖੇ ਆਉਣ ਵਾਲੇ ਮਰੀਜ਼ਾਂ ਵਾਸਤੇ ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ ।

ਦੱਸ ਦੇਈਏ ਕਿ ਇਸ ਹਸਪਤਾਲ ਦੇ ਡਾਕਟਰਾਂ ਵੱਲੋਂ ਲਿਖ ਕੇ ਦਿੱਤੀ ਦਵਾਈ ਹਸਪਤਾਲ ਦੇ ਅੰਦਰੋਂ ਹੀ ਸਸਤੀ ਕੀਮਤ 'ਤੇ ਮਿਲਦੀ ਹੈ। ਇਥੋਂ ਤੱਕ ਕਿ ਹਸਪਤਾਲ 'ਚ ਪਰਚੀ ਬਣਾਉਣ ਅਤੇ ਡਾਕਟਰ ਵੱਲੋਂ ਕੀਤੇ ਜਾਣ ਵਾਲੇ ਚੈਕਅੱਪ ਦਾ ਵੀ ਕੋਈ ਪੈਸਾ ਵਸੂਲ ਨਹੀਂ ਕੀਤਾ ਜਾਂਦਾ। ਬਾਬਾ ਨਾਨਕ ਜੀ ਦੇ 13-13 ਦੇ ਫ਼ਲਸਫ਼ੇ 'ਤੇ ਖੋਲ੍ਹੇ ਗਏ ਇਸ ਹਸਪਤਾਲ 'ਚ ਬਿਹਤਰੀਨ ਸਿਹਤ ਜਾਂਚ ਅਤੇ ਕਿਫਾਇਤੀ ਕੀਮਤਾਂ 'ਤੇ ਟੈਸਟ ਦੀਆਂ ਸਹੂਲਤਾਂ ਮੌਜੂਦ ਹਨ ।

ਇਸ ਮਿਸ਼ਨ ਹਸਪਤਾਲ ਦੀਆਂ ਇਹ ਹਨ ਵਿਸ਼ੇਸ਼ਤਾਵਾਂ -

ਜੇਕਰ ਟੈਸਟਾਂ ਦੀ ਗੱਲ ਕੀਤੀ ਜਾਵੇ ਤਾਂ ਅਲਟਰਾਸਾਉਂਡ ਇੱਥੇ 113 ਰੁਪਏ 'ਚ ਕੀਤਾ ਜਾਵੇਗਾ। ਇਸੇ ਤਰ੍ਹਾਂ, ਐਮਆਰਆਈ (3 ਟੇਸਲਾ) 1313 ਰੁਪਏ ਵਿੱਚ ਕੀਤਾ ਜਾਵੇਗਾ ਜਦਕਿ ਸਿਟੀ ਸਕੈਨ ਸਿਰਫ 313 ਤੋਂ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ, ਹੋਰ ਪ੍ਰਯੋਗਸ਼ਾਲਾ ( ਲੈਬ ) ਟੈਸਟ ਵੀ ਬਾਜ਼ਾਰ ਨਾਲੋਂ ਸਸਤੇ ਰੇਟ 'ਤੇ ਕੀਤੇ ਜਾਣਗੇ ।

ਜ਼ਿਕਰਯੋਗ ਹੈ ਕਿ ਇਸ ਵਰਦਾਨ ਰੂਪੀ ਹਸਪਤਾਲ 'ਚ ਵੱਡੀ ਗਿਣਤੀ 'ਚ ਲੋਕ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ । ਮਿਲੀ ਜਾਣਕਾਰੀ ਮੁਤਾਬਿਕ ਤਕਰੀਬਨ ਸਵੇਰੇ 7 ਵਜੇ ਤੋਂ ਹੀ ਲੋਕ ਕਤਾਰ 'ਚ ਖੜੇ ਹੋ ਜਾਂਦੇ ਹਨ। ਸਿਰਫ਼ ਆਰਥਿਕ ਪੱਖੋਂ ਕਮਜ਼ੋਰ ਵਰਗ ਹੀ ਨਹੀਂ ਬਲਕਿ ਚੰਗੇ ਡਾਕਟਰਾਂ ਦੀ ਸਹੂਲਤ ਹੋਣ 'ਤੇ ਸਾਰੇ ਵਰਗਾਂ ਦੇ ਲੋਕ ਇੱਥੇ ਪਹੁੰਚ ਕੇ ਆਪਣਾ ਇਲਾਜ ਕਰਵਾ ਰਹੇ ਹਨ। ਲੋਕਾਂ ਦੀ ਸਿਹਤ ਤੰਦਰੁਸਤੀ ਨੂੰ ਧਿਆਨ 'ਚ ਰੱਖਦੇ ਹੋਏ ਹਰੇਕ ਥਾਂ 'ਤੇ ਅਜਿਹੇ ਹਸਪਤਾਲ ਖੋਲ੍ਹੇ ਜਾਣ ਦੀ ਲੋੜ ਹੈ, ਤਾਂ ਜੋ ਲੋਕਾਂ ਨੂੰ ਬੀਮਾਰੀਆਂ ਤੋਂ ਬਚੇ ਰਹਿਣ ਅਤੇ ਘੱਟ ਕੀਮਤਾਂ 'ਤੇ ਉਹਨਾਂ ਦਾ ਬਿਹਤਰੀਨ ਇਲਾਜ ਹੋ ਸਕੇ ।

ਦੱਸ ਦੇਈਏ ਕਿ ਇਹ ਸੰਸਥਾ ਚੰਡੀਗੜ੍ਹ ਦੇ ਸੈਕਟਰ 18 ਵਿਚ ਗੁਰੂ ਕਾ ਲੰਗਰ ਅੱਖਾਂ ਦਾ ਹਸਪਤਾਲ ਵੀ ਚਲਾ ਰਹੀ ਹੈ, ਜਿਥੇ ਸਾਰੇ ਮਰੀਜ਼ਾਂ ਦਾ ਬਿਲਕੁਲ ਇਲਾਜ ਕੀਤਾ ਜਾਂਦਾ ਹੈ। ਹੁਣ ਤੱਕ ਇਸ ਸੰਸਥਾ ਵਿੱਚ 4 ਲੱਖ ਤੋਂ ਵੱਧ ਮਰੀਜ਼ ਵੇਖੇ ਜਾ ਚੁੱਕੇ ਹਨ ਅਤੇ 40,000 ਦੇ ਕਰੀਬ ਮਰੀਜ਼ਾਂ ਦਾ ਮੁਫਤ ਆਪ੍ਰੇਸ਼ਨ ਕੀਤਾ ਜਾ ਚੁੱਕਾ ਹੈ।

Related Post