ਸੰਗਰੂਰ ਜੇਲ੍ਹ 'ਚੋਂ ਭੇਦਭਰੇ ਹਾਲਾਤ 'ਚ 2 ਕੈਦੀ ਫ਼ਰਾਰ, ਜੇਲ੍ਹ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

By  Shanker Badra May 29th 2020 11:27 AM

ਸੰਗਰੂਰ ਜੇਲ੍ਹ 'ਚੋਂ ਭੇਦਭਰੇ ਹਾਲਾਤ 'ਚ 2 ਕੈਦੀ ਫ਼ਰਾਰ, ਜੇਲ੍ਹ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ:ਸੰਗਰੂਰ : ਸੰਗਰੂਰ ਜੇਲ੍ਹ 'ਚੋਂ ਕੱਲ ਦੁਪਹਿਰ ਵੇਲੇ ਦੋ ਕੈਦੀਆਂ ਦੇ ਫਰਾਰ ਹੋਣ ਦੀ ਖ਼ਬਰ ਮਿਲੀ ਹੈ। ਸੰਗਰੂਰ ਜੇਲ੍ਹ ਵਿਚ ਬੰਦ ਗੁਰਦਰਸ਼ਨ ਸਿੰਘ ਵਾਸੀ ਮੁਬਾਰਕਪੁਰ ਚੁੰਘਾਂ (ਸੰਦੌੜ) ਅਤੇ ਸੰਦੀਪ ਸਿੰਘ ਵਾਸੀ ਬੰਗਾਂ (ਮੂਣਕ) ਨਾਂਅ ਦੇ 2 ਕੈਦੀ ਪਿਛਲੇ ਸਮੇਂ ਤੋਂ ਸੰਗਰੂਰ ਜੇਲ੍ਹ ਵਿਚ ਬੰਦ ਸਨ ਅਤੇ ਦੁਪਹਿਰੇ ਜੇਲ੍ਹ ਦੇ ਸੁਰੱਖਿਆ ਕਰਮੀਆਂ ਨੂੰ ਚਕਮਾ ਦੇ ਕੇ ਜੇਲ੍ਹ ਵਿਚੋਂ ਫਰਾਰ ਹੋ ਗਏ।

ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵੇਂ ਕੈਦੀਆਂ ਦੀ ਡਿਊਟੀ ਜੇਲ੍ਹ ਤੋਂ ਬਾਹਰ ਵਾਲੀ ਜ਼ਮੀਨ 'ਚ ਕੰਮ ਕਰਨ 'ਤੇ ਲੱਗੀ ਹੋਈ ਸੀ ਤੇ ਇਹ ਅਚਾਨਕ 3 ਵਜੇ ਅੱਖ ਬਚਾ ਕੇ ਜੇਲ੍ਹ ਦੇ ਬਾਹਰ ਤਾਰਾਂ ਵਾਲੀ ਕੱਧ ਟੱਪ ਕੇ ਫ਼ਰਾਰ ਹੋ ਗਏ, ਜਦੋਂ ਕਿ ਇਨ੍ਹਾਂ ਦੀ ਰਾਖੀ ਲਈ ਮੁਲਾਜ਼ਮ ਵੀ ਲਾਏ ਹੋਏ ਸਨ।

ਸੰਗਰੂਰ ਜੇਲ੍ਹ ਵਿਖੇ ਪਹੁੰਚੇ ਐਸ.ਪੀ. (ਡੀ) ਹਰਿੰਦਰ ਸਿੰਘ ਨੇ ਦੱਸਿਆ ਕਿ ਫਰਾਰ ਹੋਇਆ ਗੁਰਦਰਸ਼ਨ ਸਿੰਘ ਕਤਲ ਕੇਸ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਸੀ ਅਤੇ ਸੰਦੀਪ ਸਿੰਘ ਇਰਾਦਾ ਕਤਲ ਦੇ ਮਾਮਲੇ ਵਿਚ 12 ਸਾਲ ਲਈ ਸੰਗਰੂਰ ਜੇਲ੍ਹ ਵਿਚ ਬੰਦ ਸੀ। ਦੁਪਹਿਰ ਸਮੇਂ ਇਹ ਦੋਵੇਂ ਅਚਾਨਕ ਸੁਰੱਖਿਆ ਕਰਮੀਆਂ ਨੂੰ ਚਕਮਾ ਦੇ ਕੇ ਉਥੋਂ ਫਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵਲੋਂ ਪ੍ਰਾਪਤ ਹੋਏ ਪੱਤਰ ਦੇ ਚੱਲਦਿਆ ਫਰਾਰ ਹੋਏ ਇਨ੍ਹਾਂ ਦੋਹਾਂ ਕੈਦੀਆਂ ਖਿਲਾਫ ਥਾਣਾ ਸਿਟੀ -1 ਸੰਗੂਰਰ ਵਿਖੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਹਰਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਕੈਦੀਆਂ ਦੀ ਭਾਲ ਲਈ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਫਿਲਹਾਲ ਅਸੀਂ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਾਂ। ਜਿਨ੍ਹਾਂ ਛੇ ਮੁਲਾਜ਼ਮਾਂ ਨੇ ਆਪਣੀ ਡਿਊਟੀ ਵਿਚ ਕੁਤਾਹੀ ਵਰਤੀ ਹੈ ਉਨ੍ਹਾਂ ਖ਼ਿਲ਼ਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੰਮ ਕਰਨ ਵਾਲੇ ਕੈਦੀ 6 ਸਨ, ਜਿਨ੍ਹਾਂ 'ਚੋਂ ਦੋ ਕੈਦੀ ਭੱਜੇ ਹਨ।

-PTCNews

Related Post