ਬ੍ਰਿਟੇਨ ਨੇ ਭਾਰਤੀ ਵਿਦਿਆਰਥੀਆਂ ਦੇ ਚਿਹਰੇ 'ਤੇ ਬਿਖੇਰੀ ਖੁਸ਼ੀ , ਵਧੀ ਵੀਜ਼ਿਆਂ ਦੀ ਰਫ਼ਤਾਰ

By  Kaveri Joshi August 29th 2020 06:20 PM -- Updated: August 29th 2020 07:05 PM

ਬ੍ਰਿਟੇਨ ਨੇ ਭਾਰਤੀ ਵਿਦਿਆਰਥੀਆਂ ਦੇ ਚਿਹਰੇ 'ਤੇ ਬਿਖੇਰੀ ਖੁਸ਼ੀ , ਵਧੀ ਵੀਜ਼ਿਆਂ ਦੀ ਰਫ਼ਤਾਰ: ਭਾਰਤੀ ਵਿਦਿਆਰਥੀਆਂ ਨੂੰ ਬ੍ਰਿਟੇਨ ਵੱਲੋਂ ਧੜਾਧੜ ਵੀਜ਼ਿਆਂ ਦੀ ਸੌਗਾਤ ਮਿਲ ਰਹੀ ਹੈ, ਜੀ ਹਾਂ ਬ੍ਰਿਟੇਨ ਵਿਖੇ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ 2019 ਦੇ ਮੁਕਾਬਲੇ ਐਤਕੀਂ ਯਾਨੀ ਕਿ 2020 ਦੇ ਸਾਲ ਦੌਰਾਨ ਵਧੇਰੇ ਵੀਜ਼ੇ ਪ੍ਰਾਪਤ ਹੋਏ ਹਨ। ਦੱਸ ਦੇਈਏ ਕਿ ਇਹ ਜਾਣਕਾਰੀ ਬੀਤੇ ਵੀਰਵਾਰ ਨੂੰ ਅਧਿਕਾਰਤ ਅੰਕੜਿਆਂ ਤੋਂ ਹਾਸਿਲ ਹੋਈ ਹੈ, ਜੋ ਕਿ ਭਾਰਤ ਦੇ ਵਿਦਿਆਰਥੀਆਂ ਲਈ ਵਾਕੇਈ ਖੁਸ਼ੀ ਭਰੀ ਖਬ਼ਰ ਹੈ।

ਦੱਸਣਯੋਗ ਹੈ ਕਿ ਰਾਸ਼ਟਰੀ ਸੰਖਿਆ ਦਫ਼ਤਰ( ONS) ਅਨੁਸਾਰ ਬ੍ਰਿਟਿਸ਼ ਗ੍ਰਹਿ ਵੱਲੋਂ ਮਾਰਚ 2020 ਤੱਕ ਕੁੱਲ ਮਿਲਾ ਕੇ 2,99,023 ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਵਾਸਤੇ ਸਪਾਂਸਰ ਵੀਜ਼ਾ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਇੰਨ੍ਹਾਂ ਵੀਜ਼ਿਆਂ 'ਚੋਂ 17 ਪ੍ਰਤੀਸ਼ਤ ਭਾਰਤੀ ਵਿਦਿਆਰਥੀ ਹਨ, ਯਾਨੀਕਿ 49,844 ਭਾਰਤੀ ਸਟੂਡੈਂਟਸ ਨੂੰ ਵੀਜ਼ਾ ਹਾਸਲ ਹੋਏ ਹਨ, ਜੋ ਕਿ ਸਾਲ 2019 ਦੇ ਮੁਕਾਬਲੇ ਦੁੱਗਣੇ ਹੀ ਨਹੀਂ , ਬਲਕਿ ਇਸਤੋਂ ਵੀ ਵਧੇਰੇ ਹਨ।

ਦੱਸ ਦੇਈਏ ਕਿ ਅੰਕੜਿਆਂ ਅਨੁਸਾਰ ਜੇਕਰ ਗੱਲ ਕਰੀਏ ਤਾਂ, ਸਾਲ 2016 ਤੋਂ ਹੀ ਬ੍ਰਿਟੇਨ ਪੜ੍ਹਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਸੰਖਿਆ ਵਿਚ ਵਾਧਾ ਹੋ ਰਿਹਾ ਹੈ। ਓ. ਐੱਨ. ਐੱਸ. ਦੇ ਡੇਟਾ ਅਨੁਸਾਰ ਕੁੱਲ ਸਟੱਡੀ ਵੀਜ਼ਾ ਦੇ ਸਭ ਤੋਂ ਵੱਧ, ਯਾਨੀ ਕਿ 40 ਫੀਸਦੀ ਵੀਜ਼ਾ ਚੀਨੀ ਵਿਦਿਆਰਥੀਆਂ ਨੂੰ ਜਾਰੀ ਹੋਏ , ਜਦਕਿ ਚੀਨ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਨੂੰ ਸਭ ਤੋਂ ਜ਼ਿਆਦਾ ਵੀਜ਼ਾ ਮਿਲੇ।

UK visas to Indian students double

ਹਾਲਾਂਕਿ, ਕੋਰੋਨਾ ਵਾਇਰਸ ਕਾਰਨ ਮਾਰਚ ਦੇ ਬਾਅਦ ਲਾਗੂ ਲਾਕਡਾਊਨ ਦਾ ਮੁਲਾਂਕਣ ਕੀਤਾ ਜਾਣਾ ਬਾਕੀ ਹੈ, ਜਿਸ ਦਾ ਪ੍ਰਭਾਵ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਤੇ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਕਿਉਂਕਿ ਇਸ ਸਮੇਂ ਦੌਰਾਨ ਵੀਜ਼ਾ ਪ੍ਰਣਾਲੀ ਦੇ ਬਦਲਾਅ ਸੁਭਾਵਿਕ ਸਨ। ਯੂਕੇ ਦਾ ਨਵਾਂ ਪੋਸਟ-ਸਟੱਡੀ ਵਰਕ ਵੀਜ਼ਾ, ਜਾਂ ਗ੍ਰੈਜੂਏਟ ਰੂਟ ਯੋਜਨਾ 2020-21 ਵਿੱਦਿਅਕ ਵਰ੍ਹੇ ਤੋਂ ਲਾਗੂ ਹੋਈ ਹੈ। ਡਿਗਰੀ ਕੋਰਸ ਦੇ ਅੰਤ ਵਿੱਚ ਅਰਜ਼ੀ ਦੇਣ ਦੇ ਯੋਗ ਹੋਣ ਦੇ ਵਿਕਲਪ ਨੂੰ ਦੇਖਦੇ ਹੋਏ , ਇਹ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਗਿਣਤੀ ਨੂੰ ਵਧਾ ਸਕਦਾ ਹੈ। ਹਾਲਾਂਕਿ, ਬ੍ਰਿਟਿਸ਼ ਯੂਨੀਵਰਸਿਟੀਆਂ ਨੂੰ ਚਿੰਤਾ ਹੈ ਕਿ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀ ਕੋਰਨਾਵਾਇਰਸ ਕਾਰਨ ਲਾਗੂ ਹੋਈਆਂ ਪਾਬੰਦੀਆਂ ਦੇ ਵਿਚਕਾਰ ਵਿਦੇਸ਼ਾਂ ਵਿਚ ਪੜ੍ਹਾਈ ਲਈ ਆਪਣੀਆਂ ਯੋਜਨਾਵਾਂ ਨੂੰ ਮੁਲਤਵੀ ਕਰ ਸਕਦੇ ਹਨ।

ਦੱਸਣਯੋਗ ਹੈ ਕਿ ਕੋਰੋਨਾ ਦੀ ਸਥਿਤੀ 'ਚ ਤਮਾਮ ਦੇਸ਼ਾਂ ਨੂੰ ਹਰ ਪੱਖੋਂ ਮੁਸ਼ਕਲਾਂ ਦੇ ਦੌਰ 'ਚੋਂ ਨਿਕਲਣਾ ਪੈ ਰਿਹਾ ਹੈ, ਜਿਸਦੇ ਚਲਦੇ ਵੀਜ਼ਾ ਪ੍ਰਣਾਲੀ 'ਚ ਬਦਲਾਵ ਸੁਭਾਵਿਕ ਹਨ। ਅਜਿਹੇ 'ਚ ਲੋਕਾਂ ਨੂੰ ਉਮੀਦ ਹੈ ਕਿ ਹਾਲਾਤ ਜਲਦ ਸੁਧਰਨਗੇ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਮਾਪਿਆਂ ਦੀ ਮਨੋਸਥਿਤੀ ਨੂੰ ਰਾਹਤ ਮਿਲੇਗੀ।

Related Post