ਪਟਵਾਰੀਆਂ ਦੇ ਟੈਸਟ ਦੌਰਾਨ ਕਕਾਰ ਉਤਾਰਨ ਲਈ ਮਜ਼ਬੂਰ ਕਰਨ ਦਾ ਮਾਮਲਾ, SGPC ਨਾਲ ਸੰਪਰਕ ਕਰਨ ਪੀੜਤ: ਭਗਵੰਤ ਸਿੰਘ ਸਿਆਲਕਾ

By  Jashan A August 12th 2021 03:27 PM -- Updated: August 12th 2021 03:28 PM

ਅੰਮ੍ਰਿਤਸਰ: ਪਟਵਾਰੀਆਂ ਲਈ ਲਏ ਗਏ ਟੈਸਟ ਦੌਰਾਨ ਚੰਡੀਗੜ੍ਹ ਦੇ ਸੈਕਟਰ-32 ਵਿਚ ਸਥਿਤ ਐਸ.ਡੀ. ਕਾਲਜ ਵਿਖੇ ਗੁਰਸਿੱਖ ਪ੍ਰੀਖਿਆਰਥੀਆਂ ਨੂੰ ਕਕਾਰ ਉਤਾਰ ਕੇ ਪ੍ਰੀਖਿਆ ਦੇਣ ਲਈ ਮਜ਼ਬੂਰ ਕਰਨ ਦੇ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਗਠਿਤ ਕੀਤੀ ਗਈ ਸਬ-ਕਮੇਟੀ ਨੇ ਪ੍ਰਭਾਵਿਤ ਪ੍ਰੀਖਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕਰਨ ਲਈ ਅਪੀਲ ਕੀਤੀ ਹੈ।

ਸਬ-ਕਮੇਟੀ ਦੇ ਮੁੱਖੀ ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਸਮੇਂ-ਸਮੇਂ ਸਿੱਖ ਬੱਚਿਆਂ ਨੂੰ ਪ੍ਰੀਖਿਆ ਦੇਣ ਮੌਕੇ ਅਜਿਹੇ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਅਤਿ ਨਿੰਦਨਯੋਗ ਹੈ।

ਹੋਰ ਪੜ੍ਹੋ: ਨਵਜੋਤ ਸਿੰਘ ਸਿੱਧੂ ਨੂੰ ਝਟਕਾ, ਸਲਾਹਕਾਰ ਬਣਨ ਤੋਂ ‘ਮੁਹੰਮਦ ਮੁਸਤਫ਼ਾ’ ਨੇ ਕੀਤਾ ਇਨਕਾਰ

ਉਨ੍ਹਾਂ ਕਿਹਾ ਕਿ ਸਬ-ਕਮੇਟੀ ਦੀ ਇਕੱਤਰਤਾ ਵਿਚ ਵਿਚਾਰ ਕੀਤਾ ਗਿਆ ਕਿ ਜਿਨ੍ਹਾਂ ਬੱਚਿਆਂ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕੀਤਾ ਗਿਆ ਹੈ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਸਿਆਲਕਾ ਨੇ ਕਿਹਾ ਕਿ ਇਸ ਮਾਮਲੇ ਵਿਚ ਸਬੰਧਤ ਅਦਾਰੇ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲੇ ਜਾਣਗੇ ਅਤੇ ਪ੍ਰਬੰਧਕਾਂ ਤੋਂ ਵੀ ਪੁਛਗਿੱਛ ਕਰਾਂਗੇ।

ਉਹਨਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਪੀੜਤ ਬੱਚਿਆਂ ਪਾਸੋਂ ਜਾਣਕਾਰੀ ਜ਼ਰੂਰੀ ਹੈ, ਇਸ ਲਈ ਉਨ੍ਹਾਂ ਨੂੰ ਅਪੀਲ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਪੀੜਤ ਬੱਚੇ ਉਨ੍ਹਾਂ ਦੇ ਨੰਬਰ 98152-50589 ਦੇ ਨਾਲ-ਨਾਲ ਸਬ-ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ ਨਾਲ 98154-93157, ਅਮਰੀਕ ਸਿੰਘ ਸ਼ਾਹਪੁਰ ਨਾਲ 97814-09999, ਭਾਈ ਗੁਰਚਰਨ ਸਿੰਘ ਗਰੇਵਾਲ ਨਾਲ 98148-98643 ਅਤੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨਾਲ 98148-98268 ’ਤੇ ਸੰਪਰਕ ਕਰ ਸਕਦੇ ਹਨ।

-PTC News

Related Post