ਵਿਨੇਸ਼ ਫੋਗਾਟ ਨੇ WWC 'ਚ 2 ਤਗਮੇ ਜਿੱਤ ਰਚਿਆ ਇਤਿਹਾਸ

By  Jasmeet Singh September 15th 2022 12:23 PM

ਖੇਡ ਸੰਸਾਰ: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਵਿੱਚ 14 ਸਤੰਬਰ ਦੀ ਰਾਤ ਨੂੰ ਇਤਿਹਾਸ ਰਚ ਦਿੱਤਾ। ਉਨ੍ਹਾਂ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 53 ਕਿਲੋ ਵਰਗ ਮੁਕਾਬਲੇ ਵਿੱਚ ਸਵੀਡਨ ਦੀ ਐਮਾ ਜੋਆਨਾ ਮਾਲਮਗ੍ਰੇਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਆਪਣੇ ਨਾਂਅ ਕਰ ਲਿਆ। ਕਾਂਸੀ ਤਗਮਾ ਜਿੱਤ ਫੋਗਾਤ ਵਿਸ਼ਵ ਚੈਂਪੀਅਨਸ਼ਿਪ ਵਿੱਚ 2 ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਵਿਨੇਸ਼ ਫੋਗਾਟ ਨੇ ਸਾਲ 2019 'ਚ ਵੀ ਕਜ਼ਾਕਿਸਤਾਨ 'ਚ ਹੋਏ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ ਸੀ।

ਵਿਨੇਸ਼ ਇਸ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਰਾਊਂਡ 'ਚ ਹਾਰ ਗਈ ਸੀ। 2022 ਏਸ਼ੀਅਨ ਚੈਂਪੀਅਨਸ਼ਿਪ ਦੀ ਚਾਂਦੀ ਤਗਮਾ ਜੇਤੂ ਵਿਨੇਸ਼ ਫੋਗਾਟ ਮੰਗਲਵਾਰ ਨੂੰ ਆਪਣੇ ਪਹਿਲੇ ਮੁਕਾਬਲੇ ਵਿੱਚ ਮੰਗੋਲੀਆ ਦੀ ਖੁਲਾਨ ਬਾਤਖੁਯਾਗ ਤੋਂ ਹਾਰ ਗਈ ਸੀ। ਹਾਲਾਂਕਿ ਬੈਟਕੁਯਾਗ ਦੇ ਫਾਈਨਲ 'ਚ ਪਹੁੰਚਣ ਤੋਂ ਬਾਅਦ ਵਿਨੇਸ਼ ਨੂੰ ਰੇਪੇਚੇਜ ਰਾਊਂਡ 'ਚ ਮੌਕਾ ਮਿਲਿਆ। ਉਸ ਨੇ ਰੀਪੇਚੇਜ ਰਾਹੀਂ ਕਾਂਸੀ ਦੇ ਤਗਮੇ ਦੇ ਪਲੇਅ-ਆਫ ਵਿੱਚ ਥਾਂ ਬਣਾਈ। ਵਿਨੇਸ਼ ਨੇ ਕਾਂਸੀ ਤਗਮਾ ਮੁਕਾਬਲੇ ਵਿੱਚ ਮਾਲਮਗ੍ਰੇਨ ਨੂੰ 8-0 ਨਾਲ ਹਰਾ ਤਗਮਾ ਆਪਣੇ ਨਾਂਅ ਕਰ ਲਿਆ।

ਵਿਨੇਸ਼ ਫੋਗਾਟ ਦੀ ਇਹ ਪ੍ਰਾਪਤੀ ਹੋਰ ਵੀ ਖਾਸ ਹੈ ਕਿਉਂਕਿ ਉਸ ਨੇ ਟੋਕੀਓ ਓਲੰਪਿਕ 'ਚ ਤਗਮਾ ਨਾ ਜਿੱਤਣ ਕਾਰਨ ਕੁਸ਼ਤੀ ਛੱਡਣ ਦਾ ਮਨ ਬਣਾ ਲਿਆ ਸੀ। ਵਿਨੇਸ਼ ਫੋਗਾਟ ਨੇ ਖੁਲਾਸਾ ਕੀਤਾ ਸੀ ਕਿ ਉਹ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਇੱਕ ਵੱਡੀ ਮਾਨਸਿਕ ਰੁਕਾਵਟ ਨੂੰ ਦੂਰ ਕਰਨ ਵਿੱਚ ਕਾਮਯਾਬ ਰਹੀ। ਉਨ੍ਹਾਂ ਕਿਹਾ ਸੀ "ਮੈਂ ਦੋ ਓਲੰਪਿਕ ਖੇਡਾਂ 'ਚ ਇਕ ਵੀ ਤਗਮਾ ਨਹੀਂ ਜਿੱਤ ਸਕੀ, ਇਸ ਲਈ ਮੈਂ ਲਗਭਗ ਕੁਸ਼ਤੀ ਛੱਡਣ ਦਾ ਮਨ ਬਣਾ ਲਿਆ ਸੀ।"

ਇਹ ਵੀ ਪੜ੍ਹੋ: ਤਲਵੰਡੀ ਸਾਬੋ 'ਚ ਆਮ ਆਦਮੀ ਪਾਰਟੀ ਵਿੱਚ ਬਗਾਵਤ, ਜਾਣੋ ਕੀ ਹੈ ਪੂਰਾ ਮਾਮਲਾ

-PTC News

Related Post