ਕੋਰੋਨਾ ਪੀੜਤ ਮਾਵਾਂ ਦਾ ਦੁੱਧ ਚੁੰਘਦੇ ਬੱਚਿਆਂ ਨੂੰ ਕਿੰਨਾ ਖ਼ਤਰਾ ? ਜਾਣੋ WHO ਦੀ ਰਾਏ

By  Panesar Harinder June 14th 2020 11:31 AM

ਨਵੀਂ ਦਿੱਲੀ - ਭਾਰਤ ਅੰਦਰ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਸਿਖਰਾਂ ਵੱਲ੍ਹ ਜਾਂਦਾ ਦੇਖ, ਨਵ ਜੰਮੇ ਬੱਚਿਆਂ ਦੇ ਮਾਪੇ ਆਪਣੀ ਤੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਾ ਵਿੱਚ ਹਨ। ਇਸੇ ਵਿਸ਼ੇ 'ਤੇ ਜਾਣਕਾਰੀ ਦਿੰਦੇ ਹੋਏ ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਬੱਚੇ ਨੂੰ ਦੁੱਧ ਚੁੰਘਾਉਣ ਤੋਂ ਕੋਰੋਨਾ ਵਾਇਰਸ ਦਾ ਖਤਰਾ ਨਹੀਂ ਹੈ। ਇਸ ਲਈ ਕੋਰੋਨਾ ਵਾਇਰਸ ਜਾਂ COVID-19 ਪੀੜਤ ਮਾਵਾਂ ਆਪਣੇ ਬੱਚੇ ਨੂੰ ਦੁੱਧ ਚੁੰਘਾ ਸਕਦੀਆਂ ਹਨ। ਸ਼ੁੱਕਰਵਾਰ ਨੂੰ ਡਬਲਿਊ.ਐੱਚ.ਓ. ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਗੇਬ੍ਰੀਏਸਸ ਨੇ COVID-19 'ਤੇ ਨਿਯਮਿਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੋਰੋਨਾ ਤੋਂ ਪੀੜਤ ਜਾਂ ਲਾਗ ਦਾ ਸ਼ੱਕ ਹੋਣ 'ਤੇ ਵੀ ਮਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾਵੇ। ਜਦੋਂ ਤੱਕ ਮਾਂ ਬਹੁਤ ਜ਼ਿਆਦਾ ਬੀਮਾਰ ਨਹੀਂ ਹੈ, ਬੱਚੇ ਨੂੰ ਉਸ ਤੋਂ ਵੱਖ ਨਹੀਂ ਕੀਤਾ ਜਾਣਾ ਚਾਹੀਦਾ।

WHO tips for lactating mothers

ਮਾਂ ਦੇ ਦੁੱਧ ਕਾਰਨ ਸੰਕ੍ਰਮਣ ਦਾ ਫ਼ਿਲਹਾਲ ਕੋਈ ਸਬੂਤ ਨਹੀਂ

ਵਿਸ਼ਵ ਸਿਹਤ ਸੰਗਠਨ ਦੇ ਮਾਂ, ਬੱਚੇ, ਬਾਲ ਅਤੇ ਕਿਸ਼ੋਰ ਸਿਹਤ ਦੇ ਡਾਇਰੈਕਟਰ ਡਾ. ਅੰਸ਼ੂ ਬੈਨਰਜੀ ਨੇ ਕਿਹਾ ਕਿ ਦੁੱਧ ਚੁੰਘਾਉਣ ਜ਼ਰੀਏ ਕੋਰੋਨਾ ਵਾਇਰਸ ਦਾ ਹੁਣ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ। ਇੱਕ ਸਵਾਲ ਦੇ ਉੱਤਰ 'ਚ ਉਨ੍ਹਾਂ ਇਹ ਵੀ ਕਿਹਾ ਕਿ ਮਾਂ ਦੇ ਦੁੱਧ ਵਿੱਚ ਸਾਨੂੰ ਹੁਣ ਤੱਕ ਜ਼ਿੰਦਾ ਵਾਇਰਸ ਵੀ ਨਹੀਂ ਮਿਲਿਆ ਹੈ। ਮਾਂ ਦੇ ਦੁੱਧ ਵਿੱਚ COVID-19 ਵਾਇਰਸ ਦੇ ਆਰ. ਐੱਨ. ਏ. ਦੇ ਅੰਸ਼ ਮਿਲੇ ਹਨ ਪਰ ਜ਼ਿੰਦਾ ਵਾਇਰਸ ਨਹੀਂ ਮਿਲਿਆ ਹੈ। ਇਸ ਲਈ ਮਾਂ ਤੋਂ ਬੱਚੇ ਨੂੰ ਕੋਰੋਨਾ ਵਾਇਰਸ ਹੋਣ ਦਾ ਹੁਣ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ। ਡਾ. ਟੇਡਰੋਸ ਨੇ ਕਿਹਾ ਕਿ ਡਬਲਿਊ.ਐੱਚ.ਓ. ਨੇ ਦੁੱਧ ਚੁੰਘਾਉਣ ਦੌਰਾਨ ਮਾਂ ਤੋਂ ਬੱਚੇ ਨੂੰ COVID-19 ਦੇ ਜੋਖਮ ਦਾ ਸਾਵਧਾਨੀ ਪੂਰਵਕ ਅਧਿਐਨ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਬੱਚਿਆਂ ਨੂੰ COVID-19 ਦਾ ਖਤਰਾ ਘੱਟ ਹੁੰਦਾ ਹੈ, ਜਦਕਿ ਕੁਝ ਅਜਿਹੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਹੁੰਦਾ ਹੈ, ਜਿਨ੍ਹਾਂ ਨੂੰ ਦੁੱਧ ਚੁੰਘਾ ਕੇ ਖ਼ਤਮ ਕੀਤਾ ਜਾ ਸਕਦਾ ਹੈ। ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ, ਜਿਸ ਦਾ ਕੋਈ ਵਿਕਲਪ ਨਹੀਂ। ਮੌਜੂਦਾ ਸਬੂਤਾਂ ਦੇ ਆਧਾਰ 'ਤੇ ਡਬਲਿਊ.ਐੱਚ.ਓ. ਇਹੀ ਸਲਾਹ ਦਿੰਦਾ ਹੈ ਕਿ ਦੁੱਧ ਚੁੰਘਾਉਣ ਨਾਲ COVID-19 ਹੋਣ ਦੇ ਖ਼ਤਰੇ ਦੀ ਤੁਲਨਾ ਵਿੱਚ ਇਸ ਦੇ ਫ਼ਾਇਦੇ ਕਿਤੇ ਵੱਧ ਹਨ।

WHO tips for lactating mothers

ਮਾਵਾਂ ਲਈ ਦਿਸ਼ਾ-ਨਿਰੇਦਸ਼

ਹਾਲਾਂਕਿ ਡਬਲਿਊ.ਐੱਚ.ਓ. ਨੇ COVID-19 ਪੀੜਤ ਮਾਵਾਂ ਵਲੋਂ ਦੁੱਧ ਚੁੰਘਾਉਣ ਬਾਰੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਦੁੱਧ ਚੁੰਘਾਉਣ ਤੋਂ ਪਹਿਲਾਂ ਮਾਂ ਨੂੰ ਮਾਸਕ ਪਹਿਨਣਾ ਚਾਹੀਦਾ ਹੈ। ਬੱਚੇ ਨੂੰ ਗੋਦ 'ਚ ਲੈਣ ਜਾਂ ਹੱਥ ਲਾਉਣ ਤੋਂ ਪਹਿਲਾਂ ਅਤੇ ਬਾਅਦ 'ਚ ਆਪਣੇ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਆਲੇ-ਦੁਆਲੇ ਦੀ ਥਾਂ ਨੂੰ ਸਾਫ਼-ਸੁਥਰਾ ਅਤੇ ਵਾਇਰਸ ਮੁਕਤ ਰੱਖਣਾ ਚਾਹੀਦਾ ਹੈ।

WHO tips for lactating mothers

Related Post