ਪਤਨੀ ਨੇ ਕੀਤਾ ਪਤੀ ਨਾਲ ਧੋਖਾ ! ਸਟੱਡੀ ਵੀਜ਼ਾ ਲਗਵਾ ਕੇ ਕੈਨੇਡਾ ਗਈ ਪਤਨੀ ਨੇ ਵਸਾਇਆ ਦੂਜਾ ਘਰ

By  Kaveri Joshi August 28th 2020 06:59 PM

ਜਗਰਾਓਂ -ਪਤਨੀ ਨੇ ਕੀਤਾ ਪਤੀ ਨਾਲ ਧੋਖਾ ! ਸਟੱਡੀ ਵੀਜ਼ਾ ਲਗਵਾ ਕੇ ਕੈਨੇਡਾ ਗਈ ਪਤਨੀ ਨੇ ਵਸਾਇਆ ਦੂਜਾ ਘਰ -ਵਿਆਹ ਇੱਕ ਪਵਿੱਤਰ ਬੰਧਨ ਹੈ, ਇਹ ਜਾਣਦੇ ਹੋਏ ਵੀ ਕੁਝ ਲੋਕਾਂ 'ਤੇ ਪੈਸਿਆਂ ਦੀ ਖਣਕ ਹਾਵੀ ਹੋ ਜਾਂਦੀ ਹੈ, ਜਿਸਦੇ ਚਲਦੇ ਉਹ ਆਪਣੇ ਮਕਸਦ ਨੂੰ ਪੂਰਾ ਕਰਨ ਵਾਸਤੇ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਵਾਪਰਿਆ ਹੈ ਇੱਕ ਪਤੀ ਨਾਲ, ਜਿਸਦੀ ਪਤਨੀ ਨੇ ਕਨੇਡਾ ਜਾਣ ਦਾ ਮਕਸਦ ਪੂਰਾ ਕੀਤਾ ਪਰ ਆਪਣੇ ਪਤੀ ਨੂੰ ਠੱਗ ਕੇ! ਜੀ ਹਾਂ, ਉਕਤ ਪਤਨੀ ਨੇ ਕਨੇਡਾ ਜਾਣ ਵਾਸਤੇ ਪਤੀ ਦੇ ਲੱਖਾਂ ਰੁਪਏ ਲੁਆਏ ਅਤੇ ਉੱਥੇ ਅੱਪੜ ਕੇ ਕਿਸੇ ਹੋਰ ਨਾਲ ਦੂਜਾ ਵਿਆਹ ਕਰਵਾ ਲਿਆ।

ਜਾਣਕਾਰੀ ਮੁਤਾਬਕ ਉਕਤ ਵਿਅਕਤੀ ਨੇ ਤਕਰੀਬਨ 17 ਲੱਖ ਰੁਪਏ ਖਰਚੇ ਅਤੇ ਉਪਰੋਕਤ ਲੜਕੀ ਨਾਲ ਵਿਆਹ ਕਰਵਾ ਕੇ ਉਸਦਾ ਸਾਰਾ ਖਰਚਾ ਕਰਕੇ ਕੈਨੇਡਾ ਭੇਜਿਆ, ਪਰ ਪਤਨੀ ਨੇ ਕੈਨੇਡਾ ਪੁੱਜ ਕੇ ਦੂਜਾ ਘਰ ਵਸਾ ਲਿਆ। ਇਸ ਮਾਮਲੇ ਬਾਰੇ ਏ. ਐੱਸ. ਆਈ. ਰਣਧੀਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਦੋਸ਼ੀ ਦਾ ਪਤੀ ਸੁਖਜਿੰਦਰ ਸਿੰਘ/ ਪੁੱਤਰ ਸੰਤੋਖ ਸਿੰਘ ਵਾਸੀ ਪੱਬੀਆਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਦੱਸਿਆ ਕਿ ਜਸਪ੍ਰੀਤ ਕੌਰ/ ਪੁੱਤਰੀ ਜਗਜੀਤ ਸਿੰਘ, ਜਗਜੀਤ ਸਿੰਘ ਪੁੱਤਰ/ ਸੰਤੋਖ ਸਿੰਘ ਅਤੇ ਜਸਕਮਲ ਸਿੰਘ/ ਪੁੱਤਰ ਜਗਜੀਤ ਸਿੰਘ, (ਸਾਰੇ ਵਾਸੀ ਕੋਠੇ ਪੋਨਾ ਹਨ) , ਨੇ ਇੱਕ ਸੋਚੀ-ਸਮਝੀ ਚਾਲ ਤਹਿਤ ਜਸਪ੍ਰੀਤ ਕੌਰ ਦਾ ਵਿਆਹ ਮੇਰੇ ਨਾਲ ਕਰਵਾਇਆ, ਜਿਸ ਉਪਰੰਤ ਇਹ ਘਟਨਾ ਵਾਪਰੀ, ਜਿਸਦੇ ਚਲਦੇ ਉਸਨੂੰ ਆਰਥਿਕ ਸੱਤ ਵੱਜਣ ਦੇ ਨਾਲ ਮਾਨਸਿਕ ਠੇਸ ਵੀ ਪਹੁੰਚੀ ਹੈ ।

ਦੱਸਣਯੋਗ ਹੈ ਕਿ ਜਸਪ੍ਰੀਤ ਕੌਰ ਨੂੰ ਸਟੱਡੀ ਬੇਸ 'ਤੇ ( ਪੜ੍ਹਾਈ ਲਈ) ਕੈਨੇਡਾ ਭੇਜਣ ਲਈ ਉਸਦੇ ਪਤੀ ਤੋਂ ਪੜ੍ਹਾਈ ਦੀਆਂ ਫੀਸਾਂ, ਸਟੱਡੀ ਵੀਜ਼ਾ ਦੀ ਫੀਸ ਦੇ ਪੈਸੇ, ਟਿਕਟਾਂ ਦਾ ਸਾਰੇ ਖਰਚ ਅਤੇ ਹੋਰ ਵੀ ਸਾਰੇ ਲਾਜ਼ਮੀ ਖਰਚੇ ਲਈ ਪੈਸੇ ਉਸ ਤੋਂ ਲਏ ਗਏ ਅਤੇ ਸਾਰੇ ਪ੍ਰਬੰਧ ਕਰਵਾਉਣ ਦੇ ਬਾਵਜੂਦ ਉਸਨੂੰ ਕੈਨੇਡਾ ਨਹੀਂ ਲੈ ਕੇ ਗਈ । ਉਪਰੋਕਤ ਵਿਅਕਤੀ ਨਾਲ ਕੈਨੇਡਾ ਪੁੱਜੀ ਪਤਨੀ ਵੱਲੋਂ ਮਹਿਜ਼ ਤਕਰੀਬਨ 17 ਲੱਖ ਰੁਪਏ ਦੀ ਠੱਗੀ ਹੀ ਨਹੀਂ ਮਾਰੀ ਗਈ ਬਲਕਿ ਉਹ ਆਪਣੇ ਪਤੀ ਦੀ ਸ਼ਾਦੀਸ਼ੁਦਾ ਜ਼ਿੰਦਗੀ ਨਾਲ ਵੀ ਖੇਡ ਗਈ।

ਸ਼ਿਕਾਇਤ ਦਰਜ ਕਰਵਾਉਣ ਵਾਲੇ ਸ਼ਿਕਾਇਤਕਰਤਾ ਪਤੀ ਅਨੁਸਾਰ ਜਸਪ੍ਰੀਤ ਕੌਰ ਨੇ ਕੈਨੇਡਾ ਜਾ ਕੇ ਬਿਨਾਂ ਤਲਾਕ ਦਿੱਤੇ ਇਕ ਹੋਰ ਲੜਕੇ ਨਾਲ ਵਿਆਹ ਕਰਵਾਕੇ ਉਸ ਨਾਲ ਵੱਡੀ ਧੋਖਾਧੜੀ ਕੀਤੀ ਹੈ। ਦੱਸ ਦੇਈਏ ਕਿ ਇਸ ਸਬੰਧੀ ਪੁਲਿਸ ਵੱਲੋਂ ਪੜਤਾਲ ਕਰਨ ਉਪਰੰਤ ਦੋਸ਼ੀਆਂ ਵਿਰੁੱਧ ਥਾਣਾ ਸਦਰ ਜਗਰਾਓਂ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਕੱਦਮਾ ਦਰਜ ਕਰਨ ਉਪਰੰਤ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ।

Related Post