ਕੈਪਟਨ ਅਮਰਿੰਦਰ ਸਿੰਘ ਵੱਲੋਂ ਜੰਗਲੀ ਜਾਨਵਰਾਂ ਦੁਆਰਾ ਫਸਲਾਂ ਦਾ ਕੀਤਾ ਜਾ ਰਿਹਾ ਨੁਕਸਾਨ ਰੋਕਣ ਵਾਸਤੇ ਪ੍ਰਭਾਵੀ ਕਦਮ ਚੁੱਕਣ ਦਾ ਭਰੋਸਾ

By  Joshi March 28th 2018 06:11 PM

ਕੈਪਟਨ ਅਮਰਿੰਦਰ ਸਿੰਘ ਵੱਲੋਂ ਜੰਗਲੀ ਜਾਨਵਰਾਂ ਦੁਆਰਾ ਫਸਲਾਂ ਦਾ ਕੀਤਾ ਜਾ ਰਿਹਾ ਨੁਕਸਾਨ ਰੋਕਣ ਵਾਸਤੇ ਪ੍ਰਭਾਵੀ ਕਦਮ ਚੁੱਕਣ ਦਾ ਭਰੋਸਾ

ਅਜਿਹੇ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਕਿਸਾਨਾਂ ਨੂੰ ਪ੍ਰਮਿਟ ਦੇਣ ਵਾਸਤੇ ਐਸ.ਡੀ.ਐਮ/ਡੀ.ਐਫ.ਓ. ਅਧਿਕਾਰਤ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਗਲੀ ਜਾਨਵਰਾਂ ਦੁਆਰਾ ਫਸਲਾਂ ਦੇ ਕੀਤੇ ਜਾ ਰਹੇ ਨੁਕਸਾਨ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕੇ ਜਾਣ ਦਾ ਅੱਜ ਵਿਧਾਨ ਸਭਾ ਵਿਚ ਭਰੋਸਾ ਦੁਆਇਆ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਜੰਗਲੀ ਸੂਰ ਅਤੇ ਰੋਜ਼-ਨੀਲ ਗਾਵਾਂ ਦੇ ਸ਼ਿਕਾਰ ਲਈ ਕਿਸਾਨਾਂ ਨੂੰ ਪ੍ਰਮਿਟ ਦੇਣ ਵਾਸਤੇ ਸਬ ਡਵੀਜ਼ਨਲ ਮੈਜਿਸਟਰੇਟ ਅਤੇ ਡਵੀਜ਼ਨਲ ਜੰਗਲਾਤ ਅਧਿਕਾਰੀਆਂ (ਖੇਤੀ/ਜੰਗਲੀ ਜੀਵ) ਨੂੰ ਅਧਿਕਾਰਤ ਕੀਤਾ ਹੈ |

ਉਹ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਧਿਆਨ ਦਿਵਾਊ ਮਤੇ ਦੇ ਸਬੰਧ ਵਿਚ ਬੋਲ ਰਹੇ ਸਨ | ਵਿਧਾਇਕ ਨੇ ਰੋਪੜ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ ਅਤੇ ਬਲਾਚੌਰ ਵਿਧਾਨਸਭਾ ਹਲਕਿਆਂ ਦੇ ਜੰਗਲੀ ਇਲਾਕਿਆਂ ਨਾਲੋਂ ਪਿੰਡਾਂ ਨੂੰ ਵੱਖਰਾ ਕਰਨ ਦੇ ਵਾਸਤੇ ਕੰਡਿਆਲੀ ਤਾਰ ਲਾਉਣ ਦੇ ਪ੍ਰਸਤਾਵ ਨੂੰ ਅਮਲ ਵਿਚ ਨਾ ਲਿਆਉਣ ਵੱਲ ਮੁੱਖ ਮੰਤਰੀ ਦਾ ਧਿਆਨ ਦਵਾਇਆ |

ਕੰਢੀ ਇਲਾਕੇ ਵਿਚ ਜੰਗਲੀ ਜਾਨਵਾਰਾਂ ਦੀ ਸਮੱਸਿਆ ਨੂੰ ਨੱਥ ਪਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਸਦਨ ਵਿਚ ਦੱਸਿਆ ਕਿ ਇਨ੍ਹਾਂ ਖੇਤਰਾਂ ਵਿਚ ਜੰਗਲੀ ਜਾਨਵਰਾਂ ਤੋਂ ਫਸਲਾਂ ਦੀ ਰਾਖੀ ਲਈ ਖੇਤੀ ਵਾਲੇ ਇਲਾਕਿਆਂ ਦੁਆਲੇ ਕੰਡਿਆਲੀ ਤਾਰ ਲਾਉਣ ਦਾ ਇਕ ਪਾਇਲਟ ਪ੍ਰੋਜੈਕਟ ਆਰ.ਕੇ.ਵੀ.ਵਾਈ. ਸਕੀਮ ਹੇਠ ਪ੍ਰਵਾਨ ਕੀਤਾ ਗਿਆ ਹੈ | ਸਾਲ 2017-18 ਦੇ ਲਈ ਇਸ ਵਾਸਤੇ 8.16 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਅਤੇ ਇਸ ਮਕਸਦ ਲਈ ਸਾਲ 2018-19 ਲਈ 8 ਕਰੋੜ ਰੁਪਏ ਮੁਹੱਈਆ ਕਰਵਾਏ ਗਏ ਹਨ |

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੰਗਲੀ ਸੂਰਾਂ, ਬਾਰਾਂ ਸਿੰਗਾ ਅਤੇ ਨੀਲ ਗਾਵਾਂ ਆਦਿ ਵਰਗੇ ਜੰਗਲੀ ਜਾਨਵਰਾਂ ਵੱਲੋਂ ਫਸਲਾਂ ਦੇ ਕੀਤੇ ਜਾ ਰਹੇ ਭਾਰੀ ਨੁਕਸਾਨ ਦੇ ਕਾਰਨ ਕਿਸਾਨਾਂ ਨੂੰ ਦਰਪੇਸ਼ ਸਮੱਸਿਆ ਬਾਰੇ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਬਹੁਤ ਸਾਰੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਅਤੇ ਅਥਾਰਟੀ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜਿਹੇ ਜੰਗਲੀ ਜਾਨਵਰਾਂ ਤੋਂ ਆਪਣੀਆਂ ਫਸਲਾਂ ਦੀ ਰਾਖੀ ਕਰਨ ਵਾਸਤੇ ਰਾਤ ਨੂੰ ਚੌਕਸੀ ਵਰਤਣ |

ਮੁੱਖ ਮੰਤਰੀ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਬਾਰੇ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ | ਉਨ੍ਹਾਂ ਦੱਸਿਆ ਕਿ ਫਸਲਾਂ ਦੇ ਨੁਕਸਾਨ ਨੂੰ ਰੋਕਣ ਲਈ ਠੋਸ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦੇ ਵਾਸਤੇ ਮੌਜੂਦਾ ਨਿਯਮਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਇਲਾਕਿਆਂ ਵਿਚ ਖੇਤਾਂ ਦੁਆਲੇ ਬਾੜ ਕਰਨ ਲਈ ਜ਼ਿਆਦਾ ਫੰਡਾਂ ਦੀ ਵਿਵਸਥਾ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ੳਨ੍ਹਾਂ ਦੀ ਸਰਕਾਰ ਵੱਲੋਂ ਜੰਗਲੀ ਜਾਨਵਰਾਂ ਦੁਆਰਾ ਫਸਲਾਂ ਨੂੰ ਕੀਤੇ ਗਏ ਨੁਕਸਾਨ ਦੇ ਕਾਰਨ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਾਸਤੇ ਪਹਿਲਾਂ ਹੀ 1.33 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ |

—PTC News

Related Post