adv-img
News Ticker

ਅਰਵਿੰਦ ਕੇਜਰੀਵਾਲ ਗੁਜਰਾਤ ਦੇ ਕਿਸਾਨਾਂ ਨੂੰ ਐਮ.ਐਸ.ਪੀ ਬਾਰੇ ਝੂਠ ਨਾ ਬੋਲੋ: ਅਕਾਲੀ ਦਲ

By Jasmeet Singh -- October 9th 2022 05:23 PM -- Updated: October 9th 2022 05:31 PM

ਚੰਡੀਗੜ੍ਹ, 9 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਗੁਜਰਾਤ ਵਿਧਾਨ ਸਭਾ ਦੇ ਨੂੰ ਵੇਖਦਿਆਂ ਕਿਸਾਨਾਂ ਨੂੰ ਮੂਰਖ ਬਣਾਉਣ ਵਾਸਤੇ ਕੋਰੇ ਝੂਠ ਨਾ ਬੋਲਣ ਅਤੇ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਨੇ ਸਿਰਫ ਮੂੰਗੀ ਤੇ ਮੱਕੀ ਦੀ ਫਸਲ ’ਤੇ ਐਮ.ਐਸ.ਪੀ ਦੇਣ ਦੀ ਗੱਲ ਕੀਤੀ ਸੀ ਪਰ ਦੋਵਾਂ ’ਤੇ ਦੇਣ ਵਿਚ ਨਾਕਾਮ ਸਾਬਤ ਹੋਈ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਗੁਜਰਾਤ ਵਿਚ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿਚ 'ਆਪ' ਸਰਕਾਰ ਪੰਜ ਫਸਲਾਂ ’ਤੇ ਐਮ ਐਸ ਪੀ ਦੇ ਰਹੀ ਹੈ ਤੇ ਇਹੀ ਫਾਰਮੂਲਾ ਗੁਜਰਾਤ ਵਿਚ ਲਾਗੂ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਕੇਂਦਰ ਸਰਕਾਰ ਪੰਜਾਬ ਵਿਚ ਫੂਡ ਕਾਰਪੋਰੇਸ਼ਨ ਰਾਹੀਂ ਕਣਕ ਤੇ ਝੋਨਾ ਐਮ.ਐਸ.ਪੀ ਅਨੁਸਾਰ ਖਰੀਦ ਰਹੀ ਹੈ। ਇਸੇ ਤਰੀਕੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਨਰਮੇ ਦੀ ਖਰੀਦ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਮੂੰਗੀ ਦੀ ਫਸਲ ਬੀਜਣ ਜਿਸਦੀ ਐਮ.ਐਸ.ਪੀ ਅਨੁਸਾਰ 7250 ਰੁਪਏ ਪ੍ਰਤੀ ਕੁਇੰਟਲ ’ਤੇ ਖਰੀਦ ਕੀਤੀ ਜਾਵੇਗੀ ਪਰ ਇਸ ਵਿਚੋਂ 10 ਫੀਸਦੀ ਫਸਲ ਵੀ ਐਮ.ਐਸ. ਪੀ ਅਨੁਸਾਰ ਖਰੀਦੀ ਨਹੀਂ ਗਈ। ਉਹਨਾਂ ਕਿਹਾ ਕਿ ਇਸੇ ਤਰੀਕੇ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ।

ਡਾ. ਚੀਮਾ ਨੇ ਕੇਜਰੀਵਾਲ ਨੂੰ ਆਖਿਆ ਕਿ ਉਹ ਗੁਜਰਾਤ ਦੇ ਕਿਸਾਨਾਂ ਨੂੰ ਝੂਠੀਆਂ ਆਸਾਂ ਨਾ ਦੇਣ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਆ ਕੇ ਆਪ ਜ਼ਮੀਨੀ ਹਾਲਾਤ ਵੇਖਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਕਿਸਾਨ ਕਰਜ਼ਈ ਹਨ ਕਿਉਂਕਿ ਉਹਨਾਂ ਨੇ 'ਆਪ' ’ਤੇ ਵਿਸ਼ਵਾਸ ਕੀਤਾ ਤੇ ਵੱਡੀ ਪੱਧਰ ’ਤੇ ਮੱਕੀ ਤੇ ਮੂੰਗ ਦੀ ਕਾਸ਼ਤ ਕੀਤੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਪਰਾਲੀ ਸੰਭਾਲਣ ਲਈ ਕਿਸਾਨਾਂ ਦੇ ਹੁੰਦੇ ਖਰਚ ਦਾ ਮੁਆਵਜ਼ਾ ਦੇਣ ਤੋਂ ਨਾ ਭੱਜਣ: ਸੁਖਬੀਰ ਸਿੰਘ ਬਾਦਲ

ਅਕਾਲੀ ਆਗੂ ਨੇ ਕਿਹਾ ਕਿ ਸਾਰੀਆਂ ਫਸਲਾਂ ’ਤੇ ਐਮ.ਐਸ.ਪੀ ਤਾਂ ਕੀ ਦੇਣੀ ਸੀ ਬਲਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਿਹਨਾਂ ਦਾ ਬੇਮੌਸਮੀ ਬਰਸਾਤਾਂ ਕਾਰਨ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ’ਤੇ ਡਵਾਰਫਿੰਗ ਬਿਮਾਰੀ ਦੇ ਹੋਏ ਹਮਲੇ ਨਾਲ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਨਹੀਂ ਦਿੱਤਾ।

-PTC News

  • Share