Sun, Apr 28, 2024
Whatsapp

ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਇਆ ਬਾਬਾ ਫ਼ਰੀਦ ਮੇਲਾ; ਲੋਕਾਂ ਨੇ ਪ੍ਰਸ਼ਾਸਨ ਉੱਪਰ ਲਾਏ ਕਥਿਤ ਲੁੱਟ ਦੇ ਇਲਜ਼ਾਮ

Written by  Jasmeet Singh -- September 24th 2022 11:14 AM
ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਇਆ ਬਾਬਾ ਫ਼ਰੀਦ ਮੇਲਾ; ਲੋਕਾਂ ਨੇ ਪ੍ਰਸ਼ਾਸਨ ਉੱਪਰ ਲਾਏ ਕਥਿਤ ਲੁੱਟ ਦੇ ਇਲਜ਼ਾਮ

ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਇਆ ਬਾਬਾ ਫ਼ਰੀਦ ਮੇਲਾ; ਲੋਕਾਂ ਨੇ ਪ੍ਰਸ਼ਾਸਨ ਉੱਪਰ ਲਾਏ ਕਥਿਤ ਲੁੱਟ ਦੇ ਇਲਜ਼ਾਮ

ਪੱਤਰ ਪ੍ਰੇਰਕ, (ਫ਼ਰੀਦਕੋਟ, 24 ਸਤੰਬਰ): ਹਰ ਸਾਲ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਬੜੀ ਧੂਮਧਾਮ ਅਤੇ ਸਰਕਾਰ ਦੀ ਦੇਖ ਰੇਖ 'ਚ ਮਨਾਇਆ ਜਾਂਦਾ ਹੈ। ਬਾਬਾ ਫ਼ਰੀਦ ਦੇ ਪਵਿੱਤਰ ਅਸਥਾਨ 'ਤੇ ਨਤਮਸਤਕ ਹੋਣ ਲਈ ਸੰਗਤਾਂ ਪੰਜਾਬ ਦੇ ਨਾਲ ਨਾਲ ਦੇਸ਼ਾਂ-ਵਿਦੇਸ਼ਾਂ ਤੋਂ ਵੀ ਆਉਂਦੀ ਹੈ। ਇਹ ਮੇਲਾ 19 ਸਤੰਬਰ ਤੋਂ ਸ਼ੁਰੂ ਹੋ ਕੇ 23 ਸਤੰਬਰ ਤੱਕ ਮਨਾਇਆ ਜਾਂਦਾ ਦੇ 23 ਸਤੰਬਰ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਅਤੇ ਮੇਲੇ ਦੀ ਸਮਾਪਤੀ ਹੁੰਦੀ ਹੈ। ਇਸ ਵਾਰ ਫ਼ਰੀਦਕੋਟ ਪ੍ਰਸ਼ਾਸਨ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਬਣੇ ਨੂੰ ਪੰਜਾਹ ਸਾਲ ਪੂਰੇ ਹੋਣ 'ਤੇ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਇੱਕ ਹਫ਼ਤੇ ਦਾ ਕਰ ਦਿੱਤਾ ਗਿਆ ਪਰ ਇਸ ਮੇਲੇ ਵਿੱਚ ਦੇਖਿਆ ਗਿਆ। ਪਰ ਲੋਕਾਂ ਦਾ ਇਲਜ਼ਾਮ ਹੈ ਕਿ ਇਸ ਸਾਲ ਇਹ ਮੇਲਾ ਵੀਆਈਪੀ ਕਲਚਰ ਦੀ ਭੇਟ ਚੜ੍ਹ ਚੁੱਕਿਆ। ਲੋਕਾਂ ਦਾ ਕਹਿਣਾ ਕਿ ਆਉਂਦੇ ਸਾਰ ਪਹਿਲਾਂ ਪਾਰਕਿੰਗ ਫ਼ੀਸ ਉਸ ਤੋਂ ਬਾਅਦ ਮੇਲੇ ਦੀ ਫ਼ੀਸ ਉਸ ਤੋਂ ਬਾਅਦ ਮਹਿੰਗੀਆਂ ਸਟਾਲਾਂ ਤੋਂ ਮਹਿੰਗਾ ਸਾਮਾਨ ਲੈਣ ਲਈ ਮਜਬੂਰ ਹੋਣਾ ਪੈ ਰਿਹਾ। ਉਨ੍ਹਾਂ ਦਾ ਕਹਿਣਾ ਕਿ ਇੱਥੋਂ ਤਕ ਕਿ ਬੱਚਿਆਂ ਦੇ ਝੂਟੇ ਵੀ ਕਾਫ਼ੀ ਮਹਿੰਗੇ ਹਨ, ਜਿਸ ਕਾਰਨ ਲੋਕ ਵਿੱਚ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ। ਦੂਜੇ ਪਾਸੇ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਪ੍ਰਸ਼ਾਸਨ ਵੱਲੋਂ 20 ਰੁਪਏ ਐਂਟਰੀ ਲਈ ਜਾ ਰਹੀ ਹੈ ਹਾਲਾਂਕਿ ਪਹਿਲਾਂ ਡਿਪਟੀ ਕਮਿਸ਼ਨਰ ਵੱਲੋਂ ਇਸ ਨੂੰ ਫ਼ਰੀ ਕੀਤਾ ਗਿਆ ਸੀ। ਲੋਕਾਂ ਵੱਲੋਂ ਲਗਾਤਾਰ ਮੀਡੀਆ ਨੂੰ ਕੀਤੀਆਂ ਸ਼ਿਕਾਇਤਾਂ ਤੋਂ ਬਾਅਦ ਮੇਲੇ ਦੇ ਵਿੱਚ ਜਾ ਕੇ ਦੇਖਿਆ ਗਿਆ ਤਾਂ ਮੇਲੇ ਦੇ ਵਿੱਚ ਪਲਾਸਟਿੱਕ ਦਾ ਸਮਾਨ ਜਿਸ 'ਤੇ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ, ਉਸ ਨਾਲ ਗੰਦਗੀ ਦੇ ਢੇਰ ਲੱਗੇ ਹੋਏ ਸਨ ਅਤੇ ਹਰ ਇੱਕ ਚੀਜ਼ ਦੇ ਬਾਜ਼ਾਰ ਨਾਲੋਂ ਰੇਟ ਮਹਿੰਗੇ ਰੱਖੇ ਗਏ ਹਨ। ਕਰਾਫ਼ਟ ਮੇਲੇ ਵਿੱਚ ਦਿੱਤੀਆਂ ਜਾ ਰਹੀਆਂ ਮਹਿੰਗੀਆਂ ਚੀਜ਼ਾਂ ਬਾਰੇ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਅਸੀਂ 21 ਲੱਖ ਦਾ ਠੇਕਾ ਲਿਆਏ ਅਤੇ ਅਸੀਂ ਲੋਕਾਂ ਨੂੰ ਵਧੀਆ ਖਾਣ ਪੀਣ ਦੀਆਂ ਚੀਜ਼ਾਂ ਦੇ ਰਹੇ ਹਾਂ। ਉਸ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ ਅਤੇ ਨਾਂ ਹੀ ਇੱਥੇ ਕੋਈ ਸਫ਼ਾਈ ਦਾ ਪਰਬੰਧ ਹੈ। ਦੂਜੇ ਪਾਸੇ ਮੇਲੇ ਵਿੱਚ ਘੁੰਮਣ ਆਏ ਸ਼ਹਿਰ ਵਾਸੀਆਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਹਿਲਾ 20 ਤੋਂ 50 ਰੁਪਏ ਦੀ ਪਾਰਕਿੰਗ ਪਰਚੀ ਲੈਣੀ ਪੈਂਦੀ ਹੈ। ਉਸ ਤੋਂ ਬਾਅਦ ਜੇਕਰ ਮੇਲੇ ਅੰਦਰ ਜਾਣ ਹੈ ਤਾਂ 20 ਰੁਪਏ ਐਂਟਰੀ ਪਰਚੀ ਫੇਰ ਲੈਣੀ ਪੈਂਦੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਹਰ ਇੱਕ ਚੀਜ਼ ਮਹਿੰਗੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਪਹਿਲਾਂ ਮੇਲਾ ਹੁੰਦਾ ਸੀ ਹੁਣ ਉਹ ਮੇਲਾ ਨਹੀਂ ਰਿਹਾ ਅਤੇ ਵੀਆਈਪੀ ਮੇਲਾ ਬਣ ਕੇ ਰਹਿ ਗਿਆ। ਲੋਕਾਂ ਦਾ ਇਲਜ਼ਾਮ ਹੈ ਕਿ ਫ਼ਰੀਦਕੋਟ ਪ੍ਰਸ਼ਾਸਨ ਵੱਲੋਂ ਮੇਲੇ ਦੇ ਨਾਂ ਤੇ ਲੁੱਟ ਕੀਤੀ ਜਾ ਰਹੀ ਹੈ। ਕਾਬਲੇਗੌਰ ਹੈ ਕਿ ਸਰਕਾਰ ਵੱਲੋਂ ਵੀ ਮੇਲੇ ਨੂੰ ਫ਼ੰਡ ਦਿੱਤਾ ਜਾਂਦਾ ਹੈ ਪਰ ਫਿਰ ਵੀ ਲੋਕਾਂ ਤੋਂ 20 ਰੁਪਏ ਐਂਟਰੀ ਲੈਣੀ ਕਿੰਨਾ ਕਿ ਲਾਜ਼ਮੀ ਹੈ। ਲੋਕਾਂ ਦਾ ਕਹਿਣਾ ਕਿ ਜੇਕਰ ਦਿਹਾੜੀਦਾਰ ਬੰਦਾ ਪਰਿਵਾਰ ਸਣੇ ਇੱਥੇ ਆਵੇ ਤਾਂ ਉਸ ਨੂੰ ਪਹਿਲਾ 20 ਰੁਪਏ ਪਾਰਕਿੰਗ ਦੇਣੀ ਪਵੇਗੀ ਅਤੇ ਉਸ ਤੋਂ ਬਾਅਦ ਐਂਟਰੀ ਫ਼ੀਸ ਅਤੇ ਉਸਦਾ ਅੱਧਾ ਖ਼ਰਚ ਤਾਂ ਇੱਥੇ ਹੀ ਹੋ ਜਾਵੇਗਾ ਤੇ ਮੇਲਾ ਕਿੱਥੋਂ ਦੇਖੇਗਾ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਮੰਗ ਕਰਦਿਆਂ ਕਿਹਾ ਕਿ ਇਹ ਮੇਲੇ ਵੱਲ ਧਿਆਨ ਦਿੱਤਾ ਜਾਵੇ ਅਤੇ ਉਸ ਨੂੰ ਫ਼ਰੀ ਕੀਤਾ ਜਾਵੇ। ਇਹ ਵੀ ਪੜ੍ਹੋ: ਜਲਥਲ ਹੋਈ ਗੁਰੂ ਨਗਰੀ, ਸੰਗਤ ਹੋਈ ਪਰੇਸ਼ਾਨ ਲੋਕਾਂ ਵੱਲੋਂ ਆ ਰਹੀਆਂ ਸਮੱਸਿਆਵਾਂ ਸਬੰਧੀ ਜਦੋਂ ਮੇਲਾ ਡਿਊਟੀ ਅਫ਼ਸਰਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਕੈਮਰੇ ਅੱਗੇ ਆਉਣਾ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਸਬੰਧ 'ਚ ਕੁੱਝ ਨਹੀਂ ਕਹਿਣਾ ਚਾਹੁੰਦੇ। -PTC News


Top News view more...

Latest News view more...