ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਖਿਲਾਫ ਮਨਜਿੰਦਰ ਸਿੰਘ ਸਿਰਸਾ ਨੇ ਦਰਜ ਕਰਵਾਇਆ ਕੇਸ ,ਜਾਣੋ ਪੂਰਾ ਮਾਮਲਾ

Bollywood King Shahrukh Khan Against Manjinder Singh Sirsa case Registered

ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਖਿਲਾਫ ਮਨਜਿੰਦਰ ਸਿੰਘ ਸਿਰਸਾ ਨੇ ਦਰਜ ਕਰਵਾਇਆ ਕੇਸ ,ਜਾਣੋ ਪੂਰਾ ਮਾਮਲਾ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਫਿਲਮ ‘ਜ਼ੀਰੋ’ ਦੇ ਪ੍ਰੋਮੋ ਰਾਹੀਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਸ਼ਾਹਰੁਖ ਖਾਨ ਤੇ ਹੋਰਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਇਆ ਹੈ।ਫਿਲਮ ਦੇ ਪ੍ਰੋਮੋ ਵਿਚ ਸ਼ਾਹਰੁਖ ਖਾਨ ‘ਕਿਰਪਾਨ’ ਧਾਰਨ ਕੀਤੇ ਦਿਸਦੇ ਹਨ।ਨਾਰਥ ਅਵੈਨਿਊ ਪੁਲਿਸ ਥਾਣੇ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਸਿਰਸਾ ਨੇ ਦੱਸਿਆ ਕਿ ਉਹਨਾਂ ਨੂੰ ਸਿੱਖ ਸੰਗਤ ਤੋਂ ਬਹੁਤ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਸ ਵਿਚ ਆਨੰਦ ਐਲ ਰਾਏ ਵੱਲੋਂ ਨਿਰਦੇਸ਼ਤ ਫਿਲਮ ‘ਜ਼ੀਰੋ’ ਦੇ ਪ੍ਰੋਮੋ ਕਾਰਨ ਸਿੱਖ ਭਾਵਨਾਵਾਂ ਨੂੰ ਠੇਸ ਪੁੱਜਣ ਦੀ ਗੱਲ ਕਹੀ ਗਈ ਹੈ।ਇਸ ਪ੍ਰੋਮੋ ਵਿਚ ਸ਼ਾਹਰੁਖ ਖਾਨ ਨੇ ਗਾਤਰਾ ਯਾਨੀ ਕਿਰਪਾਨ ਪਾਈ ਹੋਈ ਹੈ ਅਤੇ ਇਸ ਕਾਰਨ ਹੀ ਵਿਸ਼ਵ ਭਰ ਵਿਚ ਸਿੱਖਾਂ ਵਿਚ ਗੁੱਸੇ ਦੀ ਲਹਿਰ ਦੌੜ ਗਈ ਹੈ।

ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਸਿਰਫ ਅੰਮ੍ਰਿਤਧਾਰੀ ਵਿਅਕਤੀ ਹੀ ਕਿਰਪਾਨ ਯਾਨੀ ਗਾਤਰਾ ਧਾਰਨ ਕਰ ਸਕਦਾ ਹੈ।ਉਹਨਾਂ ਨੇ ਪੁਲਿਸ ਨੂੰ ਬੇਨਤੀ ਕੀਤੀ ਕਿ ਉਹ ਫਿਲਮ ਦੇ ਡਾਇਰੈਕਟਰ ਆਨੰਦ ਐਲ ਰਾਏ ਤੇ ਫਿਲਮ ਅਭਿਨੇਤਾ ਸ਼ਾਹਰੁਖ ਖਾਨ ਕੇਸ ਦਰਜ ਕਰੇ।ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਫਿਲਮ ‘ਜ਼ੀਰੋ’ ਦੇ ਪ੍ਰੋਮੋ ਜਿਸ ਵਿਚ ਸ਼ਾਹਰੁਖ ਖਾਨ ਕਿਰਪਾਨ ਪਹਿਨੇ ਨਜ਼ਰ ਆਉਂਦੇ ਹਨ, ਨੂੰ ਵੀ ਤੁਰੰਤ ਬੰਦ ਕਰਵਾਇਆ ਜਾਵੇ।

ਸਿਰਸਾ ਨੇ ਕਿਹਾ ਕਿ ਸਿੱਖ ਇਹ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੋਈ ਵੀ ਫਿਲਮ ਅਭਿਨੇਤਾ ਜਾਂ ਫਿਲਮ ਸਿੱਖਾਂ ਦੇ ਕਕਾਰਾਂ ਤੇ ਹੋਰ ਧਾਰਮਿਕ ਮਹੱਤਵ ਵਾਲੀਆਂ ਗੱਲਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰੇ।ਉਹਨਾਂ ਕਿਹਾ ਕਿ ਇਸ ਪ੍ਰੋਮੋ ਵਿਚ ਨਾ ਸਿਰਫ ਫਿਲਮ ਅਭਿਨੇਤਾ ਕਿਰਪਾਨ ਧਾਰਨ ਕੀਤੇ ਦਿਸਦੇ ਹਨ ਬਲਕਿ ਇਸ ਵਿਚ ਉਹ ਹਸਦੇ ਦਿਸ ਰਹੇ ਹਨ ਜਿਸ ਤੋਂ ਸਿੱਖਾਂ ਦੇ ਕਕਾਰਾਂ ਦਾ ਮਜ਼ਾਕ ਉਡਦਾ ਪ੍ਰਤੀਤ ਹੁੰਦਾ ਹੈ।ਉਹਨਾਂ ਕਿਹਾ ਕਿ ਸਿੱਖ ਅਜਿਹੀਆਂ ਸ਼ਰਾਰਤਭਰੀਆਂ ਹਰਕਤਾਂ ਨਾ ਫਿਲਮਾਂ ਵਿਚ ਤੇ ਨਾ ਹੀ ਅਸਲ ਜੀਵਨ ਵਿਚ ਕਦੇ ਬਰਦਾਸ਼ਤ ਨਹੀਂ ਕਰ ਸਕਦੇ।ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਇੰਨੀ ਸ਼ਕਤੀ ਤੇ ਤਾਕਤ ਬਖਸ਼ੀ ਹੈ ਕਿ ਉਹ ਆਪਣੇ ਜੀਵਨ ਵਿਚ ਅਜਿਹੇ ਹਾਲਾਤ ਬਣਨ ‘ਤੇ ਇਹਨਾਂ ਦਾ ਸਾਹਮਣਾ ਕਰ ਸਕਦੇ ਹਨ।

ਸਿਰਸਾ ਨੇ ਸੈਂਸਰ ਬੋਰਡ ਮੁਖੀ, ਫਿਲਮ ਦੇ ਡਾਇਰੈਕਟਰ ਤੇ ਅਭਿਨੇਤਾ ਨੂੰ ਲਿਖੇ ਵੱਖੋ ਵੱਖ ਪੱਤਰਾਂ ਵਿਚ ਉਹਨਾਂ ਨੂੰ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਤੇ ਰੋਹ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਅਪੀਲ ਕੀਤੀ ਕਿ ਇਹ ਪ੍ਰੋਮੋ ਜਿੰਨੀ ਛੇਤੀ ਹੋ ਸਕੇ ਰੋਕਿਆ ਜਾਵੇ ਤਾਂ ਜੋ ਕੋਈ ਵੀ ਸਮਾਜਿਕ ਟਕਰਾਅ ਰੋਕਿਆ ਜਾ ਸਕੇ।ਉਹਨਾਂ ਆਸ ਪ੍ਰਗਟ ਕੀਤੀ ਕਿ ਮਾਮਲੇ ਦੀ ਸੰਜੀਦਗੀ ਸਮਝਦਿਆਂ ਸਾਰੇ ਸਬੰਧਤ ਇਸ ਮਸਲੇ ਨੂੰ ਹੱਲ ਕਰਨਗੇ।
-PTCNews