ਦਿੱਲੀ 'ਚ ਪੰਜਾਬ ਪੁਲਿਸ ਦੇ ਕੁਝ ਪੁਲਿਸ ਮੁਲਾਜ਼ਮਾਂ 'ਤੇ ਕੇਸ ਦਰਜ, ਜਾਣੋ ਪੂਰਾ ਮਾਮਲਾ
ਨਵੀਂ ਦਿੱਲੀ: ਪੰਜਾਬ ਅਤੇ ਦਿੱਲੀ ਪੁਲਿਸ ਇੱਕ ਮਾਮਲੇ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਈ ਹੈ। ਦਿੱਲੀ ਦੇ ਕਨਾਟ ਪਲੇਸ ਥਾਣੇ 'ਚ ਪੰਜਾਬ ਦੇ ਕੁਝ ਪੁਲਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਪੱਤਰਕਾਰ ਨਾਲ ਦੁਰਵਿਵਹਾਰ, ਧੱਕਾ-ਮੁੱਕੀ ਅਤੇ ਕੁੱਟਮਾਰ ਨਾਲ ਜੁੜਿਆ ਹੈ। 26 ਅਪ੍ਰੈਲ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਇੰਪੀਰੀਅਲ ਹੋਟਲ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਸੀ। ਇਲਜ਼ਾਮ ਹੈ ਕਿ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਪੁਲਿਸ ਨੇ ਇੱਕ ਪੱਤਰਕਾਰ ਨਾਲ ਬਦਸਲੂਕੀ, ਧੱਕਾ-ਮੁੱਕੀ ਅਤੇ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਉਸ ਪੱਤਰਕਾਰ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਸੀ। ਸ਼ਿਕਾਇਤ ਪੱਤਰ ਵਿੱਚ ਸੀਨੀਅਰ ਪੱਤਰਕਾਰ ਦੀ ਤਰਫੋਂ ਕਿਹਾ ਗਿਆ ਹੈ ਕਿ ਉਹ ਇੰਪੀਰੀਅਲ ਹੋਟਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਆਏ ਸਨ। ਉਹ 12 ਵਜੇ ਤੋਂ ਬਾਅਦ ਹੋਟਲ ਪਹੁੰਚੇ ਜਿੱਥੇ ਪ੍ਰੈੱਸ ਕਾਨਫਰੰਸ ਹੋਣੀ ਸੀ। ਇਹ ਵੀ ਪੜ੍ਹੋ;ਦਿੱਲੀ 'ਚ 12 ਸਾਲ ਬਾਅਦ ਅਪ੍ਰੈਲ ਮਹੀਨੇ ਦਾ ਸਭ ਤੋਂ ਗਰਮ ਦਿਨ, ਗੁਰੂਗ੍ਰਾਮ 'ਚ ਤਾਪਮਾਨ 45 ਡਿਗਰੀ ਤੋਂ ਪਾਰ ਪੱਤਰਕਾਰ ਵੱਲੋਂ ਲਿਖੇ ਸ਼ਿਕਾਇਤ ਪੱਤਰ ਵਿੱਚ ਕਿਹਾ ਗਿਆ ਹੈ ਕਿ ਹੋਟਲ ਪਹੁੰਚ ਕੇ ਮੈਨੂੰ ਗੇਟ ’ਤੇ ਸੁਰੱਖਿਆ ਲਈ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਰੋਕ ਲਿਆ ਅਤੇ ਕਿਹਾ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਪੱਤਰਕਾਰ ਹਾਂ ਅਤੇ ਕਵਰੇਜ ਲਈ ਆਇਆ ਹਾਂ। ਇਸ ਤੋਂ ਬਾਅਦ ਮੈਨੂੰ ਕਿਹਾ ਗਿਆ ਕਿ ਤੁਸੀਂ ਰੁਕੋ, ਅਸੀਂ ਅੰਦਰੋਂ ਪੁੱਛ ਕੇ ਆਉਂਦੇ ਹਾਂ। ਇਲਜ਼ਾਮ ਹੈ ਕਿ ਕੁਝ ਪੁਲਿਸ ਵਾਲੇ ਇੱਕ ਪੁਲਿਸ ਅਧਿਕਾਰੀ ਨੂੰ ਲੈ ਕੇ ਆਏ। ਜਦੋਂ ਉਸਨੇ ਮੇਰੀ ਜਾਣ-ਪਛਾਣ ਪੁੱਛੀ ਤਾਂ ਮੈਂ ਉਸਨੂੰ ਦੱਸਿਆ ਕਿ ਮੈਂ ਪੱਤਰਕਾਰ ਹਾਂ ਅਤੇ ਰਿਪੋਰਟਿੰਗ ਕਰਨ ਆਇਆ ਹਾਂ। ਮੈਂ ਉਸ ਨੂੰ ਆਪਣਾ ਪੀਆਈਬੀ ਕਾਰਡ ਵੀ ਦਿਖਾਇਆ, ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਤੁਸੀਂ ਪੱਤਰਕਾਰ ਨਹੀਂ ਹੋ। ਤੁਸੀਂ ਅੰਦਰ ਨਹੀਂ ਜਾ ਸਕਦੇ। ਜਦੋਂ ਮੈਂ ਵਿਰੋਧ ਕੀਤਾ ਤਾਂ ਉਸ ਅਧਿਕਾਰੀ ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਜੇਲ੍ਹ ਵਿੱਚ ਪਾਓ ਮੈਂ ਕਿਹਾ ਤੁਸੀਂ ਮੈਨੂੰ ਜੇਲ੍ਹ ਵਿੱਚ ਕਿਵੇਂ ਪਾ ਸਕਦੇ ਹੋ? ਇਸ ਤੋਂ ਬਾਅਦ ਪੰਜਾਬ ਦੇ ਕੁਝ ਪੁਲਿਸ ਵਾਲੇ ਮੈਨੂੰ ਖਿੱਚ ਕੇ ਲੈ ਗਏ ਅਤੇ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ। ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਮੈਨੂੰ ਮਾਨਸਿਕ ਸਦਮਾ ਹੋਇਆ ਹੈ, ਇਸ ਲਈ ਕਾਰਵਾਈ ਕੀਤੀ ਜਾਵੇ। ਸੀਨੀਅਰ ਪੱਤਰਕਾਰ ਵੱਲੋਂ ਦੱਸਿਆ ਗਿਆ ਕਿ ਮੇਰੀ ਕੁੱਟਮਾਰ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਜਾਣੂ ਕਰਵਾਇਆ ਗਿਆ ਸੀ ਪਰ ਉਨ੍ਹਾਂ ਪੁਲਿਸ ਵਾਲਿਆਂ ਨੂੰ ਕੋਈ ਸਲਾਹ ਨਹੀਂ ਦਿੱਤੀ, ਜਦਕਿ ਉਨ੍ਹਾਂ ਨੂੰ ਪੁਲਿਸ ਵਾਲਿਆਂ ਦੀ ਇਸ ਹਰਕਤ ਵਿਰੁੱਧ ਬੋਲਣਾ ਚਾਹੀਦਾ ਸੀ। -PTC News