ਕੋਰੋਨਾ ਦਾ ਅਸਰ: ਟਰੇਨ 'ਚ ਸਫਰ ਕਰਨ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਨ ਲਾਜ਼ਮੀ
ਚੰਡੀਗੜ੍ਹ: ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਣ ਕਰਕੇ ਦੇਸ਼ ਦੇ ਆਮ ਨਾਗਰਿਕਾਂ 'ਤੇ ਬਹੁਤ ਅਸਰ ਹੋ ਰਿਹਾ ਹੈ। ਕਈ ਸੂਬਿਆਂ 'ਚ ਕੋਰੋਨਾ ਦੇ ਚਲਦਿਆਂ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉੱਤਰੀ ਰੇਲਵੇ ਨੇ ਇਕ ਵੱਡਾ ਫ਼ੈਸਲਾ ਲਿਆ ਹੈ। ਰੇਲਵੇ ਵੱਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਵੈਕਸੀਨ ਦੀ ਡੋਜ਼ ਮਿਲਣ ਤੋਂ ਬਾਅਦ ਹੀ ਟਰੇਨ 'ਚ ਸਫਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਲੋਕਾਂ ਨੇ ਡੋਜ਼ ਨਹੀਂ ਲਈ ਹੈ, ਉਹ ਸਫਰ ਨਹੀਂ ਕਰ ਸਕਣਗੇ।
ਜੇਕਰ ਕੋਈ ਵਿਅਕਤੀ ਇਕ ਡੋਜ਼ ਲਗਵਾਉਣ ਤੋਂ ਬਾਅਦ ਯਾਤਰਾ ਕਰ ਰਿਹਾ ਹੈ ਅਤੇ ਜਾਂਚ ਵਿੱਚ ਫੜਿਆ ਜਾਂਦਾ ਹੈ, ਤਾਂ ਉਸਨੂੰ ਅਗਲੇ ਸਟੇਸ਼ਨ 'ਤੇ ਉਤਾਰ ਦਿੱਤਾ ਜਾਵੇਗਾ ਅਤੇ ਟੈਸਟ ਕਰਵਾਉਣਾ ਹੋਵੇਗਾ। ਇਸ ਦੇ ਲਈ ਫ਼ਿਰੋਜ਼ਪੁਰ ਡਿਵੀਜ਼ਨ ਨੇ ਸਾਰੇ ਰੇਲਵੇ ਸਟੇਸ਼ਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਉੱਤਰੀ ਰੇਲਵੇ ਵੱਲੋਂ ਪਹਿਲਾ ਲਾਗੂ ਕੀਤੇ ਨਿਯਮ ਅਨੁਸਾਰ ਕੁਝ ਯਾਤਰੀ ਇਕ ਟੀਕਾ ਲਗਵਾ ਕੇ ਵੀ ਸਫਰ ਕਰ ਰਹੇ ਸਨ। ਯਾਤਰੀ ਸਫਰ ਤੋਂ ਵਾਂਝੇ ਨਾ ਰਹਿਣ, ਇਸ ਲਈ ਰੇਲਵੇ ਨੇ ਛੋਟ ਦਿੱਤੀ ਸੀ ਪਰ ਹੁਣ ਦੋਵਾਂ ਟੀਕਿਆਂ ਦਾ ਸਰਟੀਫਿਕੇਟ ਦਿਖਾਉਣਾ ਹੋਵੇਗਾ। ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਵਾਧੇ ਤੋਂ ਬਾਅਦ ਰੇਲਵੇ ਵਿਭਾਗ ਨੇ ਸਖਤ ਕਾਰਵਾਈ ਕੀਤੀ ਹੈ। ਇਸ ਦੇ ਲਈ ਜੇਕਰ ਯਾਤਰੀਆਂ ਦੀ ਟਰੇਨ 'ਚ ਸੀਟ ਰਿਜ਼ਰਵ ਹੈ ਅਤੇ ਟਰੇਨ ਦਾ ਸਫਰ ਪੂਰਾ ਕਰਨਾ ਹੈ ਤਾਂ ਉਨ੍ਹਾਂ ਨੂੰ ਦੋ ਘੰਟੇ ਪਹਿਲਾਂ ਸਟੇਸ਼ਨ 'ਤੇ ਪਹੁੰਚਣਾ ਹੋਵੇਗਾ।
ਰੇਲਵੇ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਯਾਤਰੀਆਂ ਨੂੰ ਪਹਿਲਾਂ ਕੋਰੋਨਾ ਦਾ ਟੈਸਟ ਕਰਵਾਉਣਾ ਹੋਵੇਗਾ। ਸਫ਼ਰ ਦੇ ਦੌਰਾਨ ਯਾਤਰੀਆਂ ਨੂੰ ਮਾਸਕ ਦੇ ਨਾਲ ਸੈਨੀਟਾਈਜ਼ਰ ਰੱਖਣਾ ਹੋਏਗਾ ਅਤੇ 2 ਗਜ਼ ਦੀ ਦੂਰੀ ਬਣਾਈ ਰੱਖਣੀ ਜ਼ਰੂਰੀ ਹੋਵੇਗੀ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਦੇਖਦਿਆਂ ਰੇਲਵੇ ਵੱਲੋਂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨੂੰ ਲਾਗੂ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ। ਸਟੇਸ਼ਨ ਦੇ ਪ੍ਰਵੇਸ਼ ਦੁਆਰ 'ਤੇ ਇਸ ਦੀ ਜਾਂਚ ਕੀਤੀ ਜਾਵੇਗੀ। ਟਰੇਨਾਂ ਵਿਚ ਵੀ ਯਾਤਰੀਆਂ ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਦੇ ਸਰਟੀਫਿਕੇਟ ਵੀ ਚੈੱਕ ਕੀਤੇ ਜਾਣਗੇ।
-PTC News