ਡੋਨਾਲਡ ਟਰੰਪ ਨੂੰ ਪ੍ਰਸ਼ਾਸ਼ਨ ਤੋਂ ਆਸ , ਇਸ ਮਹੀਨੇ ਮਿਲੇਗੀ ਅਮਰੀਕੀ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ
ਟਰੰਪ ਇੱਕ ਪ੍ਰੈਸ ਬ੍ਰੀਫਿੰਗ ਤੇ ਕਿਹਾ."ਜਿਵੇਂ ਹੀ ਇਹ ਟੀਕਾ ਮਨਜ਼ੂਰ ਹੋ ਜਾਂਦਾ ਹੈ, ਪ੍ਰਸ਼ਾਸਨ ਇਸਨੂੰ ਤੁਰੰਤ ਅਮਰੀਕੀ ਲੋਕਾਂ ਤੱਕ ਪਹੁੰਚਾ ਦੇਵੇਗਾ । ਉਹਨਾਂ ਕਿਹਾ ਕਿ ਹਰ ਮਹੀਨੇ ਵੈਕਸੀਨ ਦੀਆਂ ਲੱਖਾਂ ਖੁਰਾਕਾਂ ਉਪਲਬਧ ਹੋਣਗੀਆਂ ਅਤੇ ਸਾਨੂੰ ਉਮੀਦ ਹੈ ਕਿ ਅਪ੍ਰੈਲ (2021) ਤੱਕ ਹਰ ਅਮਰੀਕੀ ਲਈ ਕਾਫ਼ੀ ਟੀਕੇ ਤਿਆਰ ਕਰ ਲਏ ਜਾਣਗੇ। ਇਸ ਸਬੰਧੀ ਟਰੰਪ ਨੇ ਕਿਹਾ ਕਿ ਬੇਹੱਦ "ਹੁਸ਼ਿਆਰ" ਡਾਕਟਰ ਅਤੇ ਯੂਐਸ ਦੇ ਵਿਗਿਆਨੀ ਕੋਵਿਡ -19 ਵੈਕਸੀਨ ਬਣਾਉਣ ਲਈ ਚਾਰੇ ਪਾਸੇ ਕੰਮ ਕਰ ਰਹੇ ਹਨ ਅਤੇ ਤਿੰਨ ਟੀਕੇ ਕਲੀਨਿਕਲ ਟਰਾਇਲ ਦੇ ਆਖਰੀ ਪੜਾਅ ਵਿੱਚ ਹਨ।
ਦੱਸਣਯੋਗ ਹੈ ਕਿ ਰਾਸ਼ਟਰਪਤੀ ਟਰੰਪ ਅਨੁਸਾਰ "ਵੈਕਸੀਨ ਦੇ ਸੰਬੰਧ ਵਿੱਚ ਬਹੁਤ ਸਾਰਾ ਕੰਮ ਚੱਲ ਰਿਹਾ ਹੈ ।ਉਹਨਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਖਤਮ ਕਰਨ ਅਤੇ ਜੀਵਨ ਨੂੰ ਪਹਿਲਾਂ ਵਾਂਗ ਆਮ ਕਰਨ ਲਈ ਵੈਕਸੀਨ ਜਿੰਨੀ ਜਲਦੀ ਹੋ ਸਕੇ ਵਿਕਸਤ ਕੀਤੀ ਜਾਣੀ ਚਾਹੀਦੀ ਹੈ। ਇੱਕ ਸਫਲ ਟੀਕਾ ਨਾ ਸਿਰਫ ਲੱਖਾਂ ਲੋਕਾਂ ਦੀ ਜਾਨ ਬਚਾਵੇਗਾ, ਬਲਕਿ ਇਸਦੇ ਬਣਨ ਨਾਲ ਸੁਰੱਖਿਆ ਵਜੋਂ ਲਗਾਈਆਂ ਗਈਆਂ ਪਾਬੰਦੀਆਂ ਤੇ ਵੀ ਵਿਰਾਮ ਲੱਗੇਗਾ ।
ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਦੇ ਨਿੱਤ ਬਦਲਵੇਂ ਬਿਆਨਾਂ ਦੇ ਚਲਦੇ ਦੁਨੀਆਂ ਦੁਚਿੱਤੀ 'ਚ ਪਈ ਹੋਈ ਹੈ , ਅਜੇ ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਸੀ ਕਿ ਅਕਤੂਬਰ 'ਚ ਕੋਰੋਨਾ ਦੀ ਵੈਕਸੀਨ ਦੀ ਵੰਡ ਸ਼ੁਰੂ ਹੋ ਜਾਵੇਗੀ। ਟਰੰਪ ਨੇ ਕਿਹਾ ਸੀ ਕਿ ਸਾਨੂੰ ਲੱਗਦਾ ਹੈ ਕਿ ਅਸੀਂ ਅਕਤੂਬਰ 'ਚ ਕਦੀ ਵੀ ਸ਼ੁਰੂ ਕਰ ਸਕਦੇ ਹਨ। ਇਸ ਲਈ ਜਿਵੇਂ ਹੀ ਐਲਾਨ ਕੀਤਾ ਜਾਵੇਗੀ ਅਸੀਂ ਵੰਡ ਸ਼ੁਰੂ ਕਰ ਸਕਾਂਗੇ। ਸੰਭਾਵਨਾ ਹੈ ਕਿ ਇਹ ਅਕਤੂਬਰ ਤੋਂ ਸ਼ੁਰੂ ਹੋ ਸਕਦਾ ਹੈ।
ਫ਼ਿਲਹਾਲ ਜਦੋਂ ਤੱਕ ਵੈਕਸੀਨ ਬਣ ਕੇ ਨਹੀਂ ਆਉਂਦੀ ਅਤੇ ਇਸਦੇ ਸਕਾਰਾਤਮਕ ਨਤੀਜੇ ਨਹੀਂ ਨਿਕਲਦੇ ,ਓਦੋਂ ਤੱਕ ਮਹਿਜ਼ ਉਮੀਦ ਤੇ ਹੀ ਟਿਕਿਆ ਜਾ ਸਕਦਾ ਹੈ । ਦੇਖਦੇ ਹਾਂ ਕਿ ਅੱਗੇ ਜਾ ਕੇ ਟਰੰਪ ਦੇ ਇਹ ਬਿਆਨ ਹਕੀਕਤ ਰੂਪ 'ਚ ਕਦੋਂ ਕੁ ਖਰੇ ਉੱਤਰਦੇ ਹਨ।