ਪੰਚਕੂਲਾ: ਸ਼ਾਲੀਮਾਰ ਗਰਾਊਂਡ ਸੈਕਟਰ 5 ਪੰਚਕੂਲਾ ਵਿੱਚ ਦੇਸ਼ ਦਾ ਸਭ ਤੋਂ ਵੱਡਾ ਰਾਵਣ ਦਾ ਬੁੱਤ ਫੂਕਿਆ ਜਾਵੇਗਾ। ਸਾਲ 2018 ਤੋਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਪੰਚਕੂਲਾ ਵਿੱਚ ਦੇਸ਼ ਦਾ ਸਭ ਤੋਂ ਵੱਡਾ ਰਾਵਣ ਫੂਕਿਆ ਜਾਵੇਗਾ। ਇਹ ਵਿਸ਼ਾਲ ਦੁਸਹਿਰਾ ਸਮਾਗਮ ਸ਼੍ਰੀ ਮਾਤਾ ਮਨਸਾ ਦੇਵੀ ਚੈਰੀਟੇਬਲ ਟਰੱਸਟ (ਦੁਸਹਿਰਾ ਕਮੇਟੀ) ਅਤੇ ਸ਼੍ਰੀ ਆਦਰਸ਼ ਰਾਮਲੀਲਾ ਡਰਾਮੇਟਿਕ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ।ਸ੍ਰੀ ਮਾਤਾ ਮਨਸਾ ਦੇਵੀ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਰਾਵਣ ਨੂੰ ਪੰਜ ਦਿਨ ਪਹਿਲਾਂ ਇਸ ਲਈ ਖੜ੍ਹਾ ਕਰ ਦਿੱਤਾ ਗਿਆ ਤਾਂ ਜੋ ਸਕੂਲੀ ਵਿਦਿਆਰਥੀ ਅਤੇ ਸ਼ਹਿਰ ਵਾਸੀ ਆਸਾਨੀ ਨਾਲ ਇਸ ਬੁੱਤ ਨੂੰ ਦੇਖ ਸਕਣ।ਦੱਸ ਦੇਈਏ ਕਿ ਰਾਵਣ ਦਾ ਬੁੱਤ 171 ਫੁੱਟ ਉੱਚਾ ਹੈ, ਜਿਸ ਨੂੰ ਵੀਰਵਾਰ ਰਾਤ ਨੂੰ ਕਰੇਨਾਂ ਦੀ ਮਦਦ ਨਾਲ ਖੜ੍ਹਾ ਕੀਤਾ ਗਿਆ। 25 ਕਾਰੀਗਰ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਰਾਵਣ ਨੂੰ ਬਣਾਉਣ ਵਿੱਚ ਲੱਗੇ ਹੋਏ ਸਨ। ਇਸ ਰਾਵਣ ਨੂੰ ਬਣਾਉਣ ਦੀ ਲਾਗਤ ਕਰੀਬ 18-20 ਲੱਖ ਰੁਪਏ ਦੇ ਵਿਚਕਾਰ ਆਈ ਹੈ। ਇਸ ਬੁੱਤ ਨੂੰ ਬਣਾਉਣ ਲਈ ਕਰੀਬ 25 ਕੁਇੰਟਲ ਲੋਹਾ, 500 ਬਾਂਸ ਦੇ ਟੁਕੜੇ, 3000 ਮੀਟਰ ਲੰਬੀ ਚਟਾਈ, 3500 ਮੀਟਰ ਕੱਪੜਾ ਅਤੇ 1 ਕੁਇੰਟਲ ਰੇਸ਼ੇ ਨਾਲ ਰਾਵਣ ਦਾ ਚਿਹਰਾ ਬਣਾਇਆ ਗਿਆ ਸੀ। ਰਾਵਣ ਦੇ ਬੁੱਤ ਦੇ ਅੰਦਰ ਈਕੋ-ਫਰੈਂਡਲੀ ਪਟਾਕੇ ਲਗਾਏ ਗਏ ਹਨ, ਜੋ ਕਿ ਖਿੱਚ ਦਾ ਕੇਂਦਰ ਹਨ, ਇਹ ਤਾਮਿਲਨਾਡੂ ਤੋਂ ਮੰਗਵਾਏ ਗਏ ਹਨ। ਇਸ ਤੋਂ ਇਲਾਵਾ ਇਹ ਰਾਵਣ ਪੂਰੀ ਤਰ੍ਹਾਂ ਈਕੋ ਫਰੈਂਡਲੀ ਹੈ ਅਤੇ ਇਸ ਰਾਵਣ ਨੂੰ ਰਿਮੋਟ ਰਾਹੀਂ ਸਾੜਿਆ ਜਾਵੇਗਾ।ਸਾਲ 2019 'ਚ ਚੰਡੀਗੜ੍ਹ ਦੇ ਪਿੰਡ ਧਨਾਸ 'ਚ ਦੁਨੀਆ ਦਾ ਸਭ ਤੋਂ ਉੱਚਾ ਰਾਵਣ (221 ਫੁੱਟ) ਬਣਾਇਆ ਗਿਆ ਸੀ, ਜਿਸ ਨੂੰ ਦੇਖਣ ਲਈ 2 ਲੱਖ ਤੋਂ ਵੱਧ ਲੋਕ ਆਏ ਸਨ।