ਮੁੱਖ ਖਬਰਾਂ

ਡੀਸੀ ਤੇ ਐਸਐਸਪੀ ਨੇ ਧਾਰਮਿਕ ਅਸਥਾਨ 'ਤੇ ਕਬਜ਼ੇ ਬਾਰੇ ਅਫ਼ਵਾਹਾਂ ਤੋਂ ਲੋਕਾਂ ਨੂੰ ਕੀਤਾ ਸੁਚੇਤ

By Ravinder Singh -- September 08, 2022 2:04 pm

ਪਟਿਆਲਾ/ਰਾਜਪੁਰਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਦੀਪਕ ਪਾਰੀਕ ਨੇ ਰਾਜਪੁਰਾ ਵਿਖੇ ਇਕ ਧਾਰਮਿਕ ਅਸਥਾਨ ਵੱਲੋਂ ਦੂਜੇ ਧਾਰਮਿਕ ਅਸਥਾਨ ਉਪਰ ਕਬਜ਼ੇ ਸਬੰਧੀ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫ਼ਵਾਹਾਂ ਤੋਂ ਲੋਕਾਂ ਨੂੰ ਸੁਚੇਤ ਕੀਤਾ ਹੈ। ਅੱਜ ਇੱਥੇ ਸਾਂਝੇ ਤੌਰ 'ਤੇ ਇਕ ਬਿਆਨ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਦੱਸਿਆ ਕਿ ਪਿਛਲੇ ਮਹੀਨੇ ਰਾਜਪੁਰਾ ਦੇ ਗੁੱਜਰਾਂ ਵਾਲੇ ਮੁਹੱਲੇ ਵਿਚ ਨਗਰ ਕੌਂਸਲ ਦੀ ਜਗ੍ਹਾ ਉਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਇਹ ਵੀ ਪੜ੍ਹੋ : ਸਰਹੱਦੀ ਇਲਾਕੇ 'ਚ ਨਾਜਾਇਜ਼ ਮਾਈਨਿੰਗ ਦਾ ਮਾਮਲਾ, ਬੀਐਸਐਫ ਵੱਲੋਂ ਹਾਈ ਕੋਰਟ 'ਚ ਦਾਖ਼ਲ ਜਵਾਬ

ਉਨ੍ਹਾਂ ਕਿਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਰਾਜਪੁਰਾ ਦੇ ਐਸ.ਡੀ.ਐਮ. ਅਤੇ ਡੀ.ਐਸ.ਪੀ. ਦੀ ਅਗਵਾਈ ਹੇਠ ਕਾਰਵਾਈ ਕਰਕੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਸੀ। ਸਾਕਸ਼ੀ ਸਾਹਨੀ ਅਤੇ ਦੀਪਕ ਪਾਰੀਕ ਨੇ ਕਿਹਾ ਕਿ ਹੁਣ ਕੁਝ ਸ਼ਰਾਸਤੀ ਅਨਸਰਾਂ ਵੱਲੋਂ ਇਸ ਮਾਮਲੇ ਨੂੰ ਧਾਰਮਿਕ ਰੰਗਤ ਦੇ ਕੇ ਸੋਸ਼ਲ ਮੀਡੀਆ ਖਾਸ ਕਰਕੇ ਟਵਿੱਟਰ ਉਪਰ ਪਾ ਕੇ ਬੇਵਜ੍ਹਾ ਅਫ਼ਵਾਹ ਫੈਲਾਈ ਜਾ ਰਹੀ ਹੈ ਜੋ ਕਿ ਬੇਬੁਨਿਆਦ ਹੈ ਅਤੇ ਇਸ ਵਿਚ ਕੋਈ ਸਚਾਈ ਨਹੀਂ ਹੈ। ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਨੂੰ ਬਿਨ੍ਹਾਂ ਜਾਂਚੇ ਅੱਗੇ ਫੈਲਾਉਣਾ ਵੀ ਇਕ ਕਾਨੂੰਨੀ ਅਪਰਾਧ ਹੈ, ਇਸ ਲਈ ਅਜਿਹਾ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ ਅਜਿਹੀਆਂ ਅਫ਼ਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਰਿਪੋਰਟ-ਗਗਨਦੀਪ ਆਹੂਜਾ

-PTC News

 

  • Share