ਡੀਸੀ ਸੋਨਾਲੀ ਗਿਰੀ ਨੇ ਹੋਲਾ-ਮਹੱਲੇ ਤਿਉਹਾਰ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ
ਰੂਪਨਗਰ : ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲਾ-ਮਹੱਲਾ ਤਿਉਹਾਰ ਨੂੰ ਲੈ ਕੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਵੱਲੋਂ ਅਧਿਕਾਰੀਆਂ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਹੋਲਾ-ਮਹੱਲਾ ਤਿਉਹਾਰ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਇਸ ਮੌਕੇ ਐਸਐਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਵੀ ਮੌਜੂਦ ਸਨ। ਹੋਲਾ-ਮਹੱਲਾ ਮੌਕੇ 14 ਮਾਰਚ ਤੋਂ 19 ਮਾਰਚ ਤੱਕ ਨੱਕੀਆਂ ਟੋਲ ਪਲਾਜ਼ਾ ਬੰਦ ਰਹੇਗਾ। ਡੀਸੀ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਸੰਗਤ ਦੇ ਪੁੱਜਣ ਦੀ ਉਮੀਦ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਚੱਲ ਰਹੀਆਂ ਹਨ। ਸੰਗਤ ਦੀ ਸਹੂਲਤ ਲਈ ਇਕ ਵੈੱਬਸਾਈਟ ਜਲਦ ਲਾਂਚ ਕੀਤੀ ਜਾਵੇਗੀ ਜਿਸ ਤੋਂ ਸੰਗਤ ਪਾਰਕਿੰਗ ਸਬੰਧੀ ਕੋਈ ਵੀ ਜਾਣਕਾਰੀ ਹਾਸਲ ਕਰ ਸਕੇਗੀ।
ਸਾਫਟਵੇਅਰ ਰਾਹੀਂ ਸੰਗਤ ਨੂੰ ਗੁਰੂ ਘਰਾਂ ਵਿੱਚ ਦਰਸ਼ਨਾਂ ਲਈ ਸਹੀ ਸਮੇਂ-ਸਮੇਂ ਦੀ ਵੀ ਜਾਣਕਾਰੀ ਹਾਸਲ ਹੋਵੇਗੀ। ਸੰਗਤ ਲਈ ਹੋਲਾ-ਮਹੱਲਾ ਦੇ ਸਾਰੇ ਦਿਨ ਵਿਰਾਸਤ ਏ ਖਾਲਸਾ ਨੂੰ ਖੁੱਲ੍ਹਾ ਰੱਖਿਆ ਜਾਵੇਗਾ। ਹੋਲਾ-ਮਹੱਲਾ ਤਿਉਹਾਰ ਦੌਰਾਨ ਵੱਧ ਤੋਂ ਵੱਧ ਕੋਰੋਨਾ ਵੈਕਸੀਨੇਸ਼ਨ ਕੀਤੀ ਜਾਵੇਗੀ ਅਤੇ ਪ੍ਰਸ਼ਾਸਨ ਵੱਲੋਂ ਮਾਸਕ ਵੰਡੇ ਜਾਣਗੇ। ਜੇਕਰ ਕਿਸੇ ਨੂੰ ਹੁਣ ਕੋਰੋਨਾ ਲੱਛਣ ਹਨ ਤਾਂ ਉਹ ਹੋਲਾ-ਮਹੱਲਾ ਉਤੇ ਆਉਣ ਤੋਂ ਗੁਰੇਜ਼ ਕਰਨ ਤੇ ਵੱਧ ਤੋਂ ਵੱਧ ਲੋਕ ਹੋਲਾ-ਮਹੱਲਾ ਉਤੇ ਪੁੱਜਣ ਤੋਂ ਪਹਿਲਾਂ ਟੀਕਾਕਰਨ ਜ਼ਰੂਰ ਕਰਵਾਉਣ।
ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿੱਚ ਹੋਲਾ ਮਹੱਲਾ ਦੌਰਾਨ ਪੂਰਾ ਹਫ਼ਤਾ ਸ਼ਰਾਬ ਦੀ ਵਿਕਰੀ ਤੇ ਮੀਟ ਵੇਚਣ ਉਤੇ ਪਾਬੰਦੀ ਰਹੇਗੀ। ਪ੍ਰਸ਼ਾਸਨ ਨੇ ਅਪੀਲ ਕੀਤੀ ਕਿ ਹੋਲਾ-ਮਹੱਲਾ ਉਤੇ ਆਉਣ ਵਾਲੇ ਨੌਜਵਾਨ ਖੁੱਲ੍ਹੇ ਸਲੰਸਰਾਂ ਵਾਲੇ ਮੋਟਰਸਾਈਕਲ ਨਾ ਲੈ ਕੇ ਆਉਣ ਅਤੇ ਆਪਣੇ ਟਰੈਕਟਰਾਂ ਉਤੇ ਉੱਚੀ ਆਵਾਜ਼ ਵਿੱਚ ਸਪੀਕਰ ਨਾ ਲਗਾ ਕੇ ਆਉਣ।
ਇਹ ਵੀ ਪੜ੍ਹੋ : ਜਹਾਜ਼ 'ਚ ਸਫਰ ਹੋਇਆ ਮਹਿੰਗਾ, 40-50 ਫੀਸਦੀ ਵਧਾਏ ਰੇਟ