ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਜਾਰੀ ਨਾ ਹੋਣ ਕਾਰਨ ਰੋਕੀਆਂ ਡਿਗਰੀਆਂ, ਵਿਦਿਆਰਥੀਆਂ ਦਾ ਭਵਿੱਖ ਧੁੰਦਲਾ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਾਲੇ ਵਿਦਿਆਰਥੀਆਂ ਦੀਆਂ ਰੋਕੀਆਂ ਹੋਈਆਂ ਡਿਗਰੀਆਂ ਰਿਲੀਜ਼ ਕਰਵਾਉਣ, ਰਾਖਵੇਂਕਰਨ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਸਮੇਤ ਕਈ ਮੰਗਾਂ ਨੂੰ ਲੈ ਕੇ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਸ਼ੁਰੂ ਕੀਤਾ ਗਿਆ ਧਰਨਾ ਅੱਜ 17ਵੇਂ ਦਿਨ ਵਿੱਚ ਦਾਖ਼ਲ ਹੋ ਗਿਆ।
ਵੱਡੀ ਗਿਣਤੀ ਵਿੱਚ ਵਿਦਿਆਰਥੀ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਆਗੂਆਂ ਨੇ ਸ਼ਿਰਕਤ ਕੀਤੀ। ਧਰਨੇ ਵਿੱਚ ਟ੍ਰਾਈਸਿਟੀ ਦੀਆਂ 20 ਜਥੇਬੰਦੀਆਂ ਉਤੇ ਆਧਾਰਿਤ ਡਾ. ਅੰਬੇਡਕਰ ਸੰਯੁਕਤ ਸੰਘਰਸ਼ ਮੋਰਚਾ, ਕੇਂਦਰੀ ਸਿੰਘ ਸਭਾ ਗੁਰਦੁਆਰਾ ਸੈਕਟਰ-28 ਤੋਂ ਅਹੁਦੇਦਾਰਾਂ, ਬਾਮਸੇਫ਼, ਬਹੁਜਨ ਸਮਾਜ ਪਾਰਟੀ ਚੰਡੀਗੜ੍ਹ ਤੇ ਪੰਜਾਬ ਫੈਮੀਨਿਸਟ ਯੂਨੀਅਨ ਆਫ਼ ਸਟੂਡੈਂਟਸ, ਪੀਯੂ ਐੱਚਐੱਚ, ਐੱਨਐੱਸਯੂਆਈ, ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ, ਐੱਸਐੱਫਐੱਸ, ਆਈਏਐੱਸਏ. ਵੱਲੋਂ ਵਿਦਿਆਰਥੀ ਆਗੂਆਂ ਨੇ ਸ਼ਮੂਲੀਅਤ ਕੀਤੀ।
ਧਰਨਾਕਾਰੀਆਂ ਨੇ ਪੀਯੂ ਪ੍ਰਸ਼ਾਸਨ ਨੂੰ ਵਾਸਤੇ ਪਾਏ ਤੇ ਦਲਿਤ ਵਿਦਿਆਰਥੀਆਂ ਦੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਨਾਅਰੇ ਲਗਾਏ ਗਏ। ਵਿਦਿਆਰਥੀ ਆਗੂਆਂ ਨੇ ਐਲਾਨ ਕੀਤਾ ਕਿ ਜੇ ਜਲਦ ਮੰਗਾਂ ਨਾ ਮੰਨੀਆਂ ਤਾਂ 'ਵਰਸਿਟੀ ਵਿੱਚ ਤਿੱਖਾ ਸੰਘਰਸ਼ ਵਿੱਢ ਕੇ ਮੁਕੰਮਲ ਰੂਪ ਵਿੱਚ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਇਨਸਾਫ਼ ਨਾ ਮਿਲਣ ਕਾਰਨ ਮਜ਼ਦੂਰਾਂ ਨੇ ਥਾਣੇ ਅੱਗੇ ਲਗਾਇਆ ਧਰਨਾ