'ਗੁਰਪੁਰਬ ਦੇ ਮੱਦੇਨਜ਼ਰ ਪੰਜਾਬ 'ਚ ਚੋਣ ਤਾਰੀਖ਼ ਬਦਲਣ ਦੀ ਕੀਤੀ ਮੰਗ'
ਫਗਵਾੜਾ/ਜਲੰਧਰ: ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਂਝਾ ਵਫਦ ਬਸਪਾ ਦੇ ਉਮੀਦਵਾਰ ਜਸਬੀਰ ਸਿੰਘ ਗੜ੍ਹੀ ਦੀ ਅਗਵਾਈ 'ਚ ਐਸਡੀਐਮ ਕੁਲਪ੍ਰੀਤ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਦੇਸ਼ ਦੇ ਮੁੱਖ ਚੋਣ ਕਮਿਸ਼ਨ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਮਿਤੀ ਨੂੰ 14 ਫਰਵਰੀ ਦੀ ਬਜਾਏ 20 ਫਰਵਰੀ ਕਰਨ ਦੀ ਮੰਗ ਕੀਤੀ।
ਇਸ ਮੌਕੇ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ 8 ਜਨਵਰੀ ਨੂੰ ਪੰਜਾਬ ਸਹਿਤ ਹੋਰ 5 ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਨੂੰ ਲੈ ਕੇ ਮਿਤੀਆਂ ਦਾ ਐਲਾਨ ਕੀਤਾ ਗਿਆ ਹੈ। ਜਿਸਦੇ ਤਹਿਤ ਪੰਜਾਬ ਵਿੱਚ 14 ਫਰਵਰੀ ਨੂੰ ਵੋਟ ਪਾਏ ਜਾਣਗੇ। ਗੜ੍ਹੀ ਨੇ ਕਿਹਾ ਕਿ ਇਸ ਸਾਲ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 645ਵਾਂ ਪ੍ਰਕਾਸ਼ ਪਰਵ ਪੰਜਾਬ ਸਮੇਤ ਪੂਰੇ ਦੇਸ਼ ਵਿੱਚ 16 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ।
ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪਰਵ ਦੇ ਮੌਕੇ ਉੱਤੇ ਉਨ੍ਹਾਂ ਦੀ ਜਨਮ ਸਥਲੀ ਗੋਵਰਧਨਪੁਰ ਕਾਂਸ਼ੀ ਬਨਾਰਸ ਵਿੱਚ ਨਤਮਸਤਕ ਹੋਣ ਜਾਂਦੇ ਹਨ। ਗੜ੍ਹੀ ਨੇ ਕਿਹਾ ਕਿ ਇਸ ਵਾਰ ਵੀ ਪੰਜਾਬ ਤੋਂ 13 ਅਤੇ 14 ਫਰਵਰੀ ਨੂੰ ਭਾਰੀ ਗਿਣਤੀ ਵਿੱਚ ਸੰਗਤ ਵਿਸ਼ੇਸ਼ ਟ੍ਰੇੇਨਾਂ ਰਾਹੀਂ ਗੋਵਰਧਨ ਬਨਾਰਸ ਜਾਵੇਗੀ। ਗੜ੍ਹੀ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਸੰਗਤ ਗੁਰੂ ਮਹਾਰਾਜ ਦੇ ਪ੍ਰਕਾਸ਼ ਪਰਵ ਦੇ ਮੌਕੇ ਉੱਤੇ ਗੋਵਰਧਨ ਬਨਾਰਸ ਪੁੱਜਣ ਦੀ ਸੰਭਾਵਨਾ ਹੈ।
ਇਸ ਲਈ ਉਨ੍ਹਾਂ ਐਸਡੀਐਮ ਨੂੰ ਇੱਕ ਮੰਗ ਪੱਤਰ ਦੇਸ਼ ਦੇ ਮੁੱਖ ਚੋਣ ਕਮਿਸ਼ਨ ਨੂੰ ਭੇਜਕੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਮਿਤੀ 14 ਫਰਵਰੀ ਦੀ ਬਜਾਏ 20 ਫਰਵਰੀ ਕਰਨ ਦੀ ਮੰਗ ਕਰਦੇ ਹੋਏ ਪੰਜਾਬ ਦੀਆਂ ਚੋਣਾਂ ਨੂੰ ਅਗਲੇ ਪੜਾਅ ਵਿੱਚ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਤਨਾਮ ਸਿੰਘ ਅਰਸ਼ੀ, ਸਾਬਕਾ ਡਿਪਟੀ ਮੇਅਰ ਰਣਜੀਤ ਖੁਰਾਣਾ, ਪਰਦੀਪ ਮੱਲ, ਮਨੋਹਰ ਜੱਖੁ, ਪਰਨਿਸ਼ ਬੰਗਾ, ਅਰੁਣ ਕੁਮਾਰ, ਸਿੰਗਾਰਾ ਸਿੰਘ, ਠੇਕੇਦਾਰ ਬਲਜਿੰਦਰ ਸਿੰਘ, ਬੰਟੀ ਮੋਰਾਂਵਾਲੀ, ਸੰਦੀਪ ਕੌਲਸਰ, ਮੁਨੀਸ਼, ਚਰਨਜੀਤ ਚਕ ਹਕੀਮ, ਬੰਟੀ ਟਿੱਬੀ, ਗੁਰਦਿੱਤਾ ਬੰਗੜ, ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਿਰ ਸਨ।
-PTC News