ਧਰਮ

ਪਹਿਲਾ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਵਿਸ਼ੇਸ਼)

By PTC News Desk -- August 28, 2022 4:00 am -- Updated:August 28, 2022 8:52 am

"ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ"
ਗੁਰਬਾਣੀ, ਭਾਵ ਗੁਰੂ ਦੀ ਰਸਨਾ ਤੋਂ ਨਿਕਲੀ ਬਾਣੀ ਅਤੇ ਬਾਣੀ ਤੋਂ ਭਾਵ ਉਸ ਸੱਚ ਤੋਂ ਹੈ ਜੋ ਮਨੁੱਖ ਨੂੰ ਦੁਨੀਆ ਵਿੱਚ ਸੇਵ ਕਮਾਉਣ ਲਈ ਉਤਸ਼ਾਹਿਤ ਕਰਦਿਆਂ ਸੱਚ ਨਾਲ ਇਕਮਿਕ ਹੋਣ ਦਾ ਮਾਰਗ ਦਸਦਾ ਹੈ। ਇਹ ਗੱਲ ਵੱਖਰੀ ਹੈ ਕਿ ਮਨੁੱਖ ਉਸ ਸੱਚ ਨੂੰ ਸਮਝਦਿਆਂ ਉਸ ਨੂੰ ਅਪਣਾਉਣ ਦਾ ਯਤਨ ਕਰਦਾ ਹੈ ਜਾਂ ਨਹੀਂ। ਦੁਨੀਆ ਦੇ ਇਤਿਹਾਸ ਵਿੱਚ ਵੱਖ-ਵੱਖ ਧਰਮ ਗ੍ਰੰਥਾਂ ਵਿੱਚ ਇਸ ਤਰ੍ਹਾਂ ਦਾ ਤਾਂ ਹਵਾਲਾ ਮਿਲਦਾ ਹੀ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਉਸ ਅਕਾਲੀ ਸੱਚ ਨੂੰ ਜਿੱਥੇ ਮਨੁੱਖ ਦੀ ਸਮਝ ਦੇ ਪੱਧਰ 'ਤੇ ਬਿਆਨਦੀ ਹੈ, ਉੱਥੇ ਮਨੁੱਖ ਨੂੰ ਉਸ ਢੰਗ ਨਾਲ ਜਿਊਣ ਦਾ ਅਹਿਸਾਸ ਵੀ ਦਿੰਦੀ ਹੈ।
ਗੁਰ ਫੁਰਮਾਨ ਹੈ:
"ਭਈ ਪਰਾਪਤਿ ਮਾਨੁਖ ਦੇਹੁਰੀਆ ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥"

PrakashGurpurab

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਜਿੱਥੇ ਪੰਜ-ਛੇ ਸਦੀਆਂ ਦਾ ਧਾਰਮਿਕ ਅਨੁਭਵ ਸਮਾਇਆ ਹੈ, ਉੱਥੇ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਪ੍ਰੰਪਰਾਵਾਂ ਦਾ ਚਿੰਤਨ ਵੀ ਪ੍ਰਾਪਤ ਹੈ । ਪਾਵਨ ਗੁਰਬਾਣੀ ਦੀ ਰਚਨਾ ਕਰਦਿਆਂ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਿਆਨ ਚਰਚਾਵਾਂ ਰਾਹੀਂ ਜਿੱਥੇ ਅਧਿਆਤਮਕ ਸਾਂਝਾਂ ਨੂੰ ਸੰਜੋਇਆ ਹੈ, ਉੱਥੇ ਦੂਸਰੇ ਗੁਰਦੇਵ ਸ੍ਰੀ ਗੁਰੂ ਅੰਗਦ ਦੇਵ ਜੀ, ਤੀਸਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ, ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਣੀ ਉਚਾਰਦਿਆਂ ਮਨੁੱਖਤਾ ਨੂੰ ਕਲਿਆਣਕਾਰੀ ਜੀਵਨ ਰਾਹ ਪ੍ਰਦਾਨ ਕੀਤੀ।

Sikhism Gurpurab | Sikh Guru Events | Sikh Guru Anniversary | Sikh Guru Holiday

ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਨੂੰ 30 ਰਾਗਾਂ ਵਿੱਚ ਤਰਤੀਬ ਦਿੰਦਿਆਂ, 52 ਸਿਰਲੇਖ ਦੇ ਕੇ ਕ੍ਰਮਬੱਧ ਕੀਤਾ ਅਤੇ ਫੇਰ ਭਗਤ ਬਾਣੀ, ਭੱਟ ਬਾਣੀ, ਗੁਰਸਿਖਾਂ ਦੀ ਬਾਣੀ ਨੂੰ ਵੀ ਦਰਜ ਕਰਦਿਆਂ ਸ੍ਰੀ ਆਦਿ ਗ੍ਰੰਥ ਦੇ ਰੂਪ ਵਿੱਚ ਸੰਕਲਿਤ ਕੀਤਾ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗ੍ਰੰਥ ਜੀ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਜੀ ਪਾਸੋਂ ਲੈ ਕੇ ਇਤਿਹਾਸਕ ਰੂਪ ਵਿੱਚ ਮਨੁੱਖਤਾ ਨੂੰ ਗਿਆਨ ਪ੍ਰਬੋਧ ਵਿੱਚ ਪਰਬੀਨ ਹੋਣ ਦੀ ਵੀ ਪ੍ਰੇਰਣਾ ਦਿਤੀ।

asr

ਇਸ ਤਰ੍ਹਾਂ ਗੁਰੂ ਸਾਹਿਬ ਨੇ ਸਮੁੱਚੀ ਬਾਣੀ ਦਾ ਭਾਦੋਂ ਸੁਦੀ ਏਕਮ, 1661 ਬਿਕ੍ਰਮੀ ਨੂੰ ਸ੍ਰੀ ਆਦਿ ਗ੍ਰੰਥ ਦੇ ਰੂਪ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ। ਧੁਰ ਕੀ ਬਾਣੀ ਦਾ ਜਦ ਪ੍ਰਕਾਸ਼ ਹੋਇਆ ਤਾਂ ਇਲਾਹੀ ਵਾਕ ਉਚਾਰਨ ਕੀਤਾ ਗਿਆ....
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥"

-PTC News

  • Share