ਮੁੱਖ ਖਬਰਾਂ

ਸੋਨਾਲੀ ਫੋਗਾਟ ਦੀ ਮੌਤ ਦੀ ਸੀਬੀਆਈ ਜਾਂਚ ਲਈ ਹਰਿਆਣਾ ਨੇ ਗੋਆ ਸਰਕਾਰ ਨੂੰ ਲਿਖਿਆ ਪੱਤਰ

By Jasmeet Singh -- August 29, 2022 9:58 pm -- Updated:August 29, 2022 10:00 pm

ਚੰਡੀਗੜ੍ਹ, 29 ਅਗਸਤ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਗੋਆ ਸਰਕਾਰ ਨੂੰ ਪੱਤਰ ਲਿਖ ਕੇ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕਰਨ ਦੀ ਬੇਨਤੀ ਕੀਤੀ ਹੈ। ਇਹ ਕਦਮ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਫੋਗਟ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਲਿਆ ਗਿਆ।

ਵਿਜ ਨੇ ਦਿੱਸਿਆ ਕਿ ਸੋਨਾਲੀ ਫੋਗਾਟ ਦੇ ਪਰਿਵਾਰ ਨੇ ਮੁੱਖ ਮੰਤਰੀ ਨੂੰ ਪੱਤਰ ਦੇ ਕੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਪਰਿਵਾਰ ਨੇ ਗੰਭੀਰ ਦੋਸ਼ ਲਗਾਏ ਹਨ ਕਿ ਇਸ ਕਤਲ ਵਿੱਚ ਵੱਡੇ ਨਾਮ ਵੀ ਸ਼ਾਮਲ ਹੋ ਸਕਦੇ ਹਨ। ਜਿਸਤੋਂ ਬਾਅਦ ਖੱਟਰ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਇਸ ਸਬੰਧੀ ਗੋਆ ਸਰਕਾਰ ਨੂੰ ਪੱਤਰ ਲਿਖੇਗੀ।

ਵਿਜ ਨੇ ਕਿਹਾ ਕਿ ਪਰਿਵਾਰ ਦੀ ਚਿੱਠੀ ਦੇ ਆਧਾਰ 'ਤੇ ਸੂਬਾ ਸਰਕਾਰ ਨੇ ਗੋਆ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਲਈ ਲਿਖਿਆ ਤਾਂ ਜੋ ਮਾਮਲੇ ਦੇ ਸਾਰੇ ਤੱਥ ਸਾਹਮਣੇ ਆ ਸਕਣ।

ਟਿੱਕਟੌਕ 'ਤੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ 42 ਸਾਲਾ ਫੋਗਾਟ ਦੀ ਪਿਛਲੇ ਹਫਤੇ ਗੋਆ ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਸੀ।

ਪੁਲਿਸ ਨੇ ਇਸ ਮਾਮਲੇ 'ਚ ਹੁਣ ਤੱਕ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੋਗਾਟ ਦਾ ਨਿੱਜੀ ਸਹਾਇਕ ਸੁਧੀਰ ਸਾਗਵਾਨ, ਇੱਕ ਹੋਰ ਸਹਾਇਕ ਸੁਖਵਿੰਦਰ ਸਿੰਘ, ਕਰਲੀਜ਼ ਰੈਸਟੋਰੈਂਟ ਦਾ ਮਾਲਕ ਐਡਵਿਨ ਨੂਨਸ ਅਤੇ ਕਥਿਤ ਨਸ਼ਾ ਤਸਕਰਾਂ ਦੱਤਾਪ੍ਰਸਾਦ ਗਾਓਂਕਰ ਅਤੇ ਰਮਾਕਾਂਤ ਮਾਂਦਰੇਕਰ ਇਸ ਵੇਲੇ ਪੁਲਿਸ ਦੀ ਗ੍ਰਿਫ਼ਤ 'ਚ ਹਨ।


-PTC News

  • Share