ਗੁੱਸੇ ਤੇ ਕਾਬੂ ! ਕਿਵੇਂ ਕਰੀਏ ‘ਐਂਗਰ ਮੈਨੇਜਮੈਂਟ’ ?

ਗੁੱਸੇ ਨੂੰ ਭਾਵਨਾਵਾਂ ਦੀਆਂ ਸਭ ਤੋਂ ‘ਹਾਵੀ’ ਕਿਸਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਉਸ ਵੇਲੇ ਬਾਹਰ ਨਿੱਕਲਦਾ ਹੈ ਜਦੋਂ ਵਿਅਕਤੀ ਜ਼ਿਆਦਾ ਨਿਰਾਸ਼, ਜ਼ਿਆਦਾ ਨਾਰਾਜ਼ ਅਤੇ ਖਿਝ ਮਹਿਸੂਸ ਕਰਦਾ ਹੈ। ਹਾਲਾਂਕਿ ਇਹ ਮਨੁੱਖੀ ਭਾਵਨਾਵਾਂ ਦਾ ਹੀ ਰੂਪ ਹੈ, ਪਰ ਜਦੋਂ ਇਹ ਭਾਰੂ ਹੁੰਦਾ ਹੋਇਆ ਵਾਰ-ਵਾਰ ਬਾਹਰ ਆਉਂਦਾ ਹੈ, ਤਾਂ ਇਹ ਚਿੰਤਾ ਦਾ ਵਿਸ਼ਾ ਵੀ ਬਣ ਜਾਂਦਾ ਹੈ, ਅਤੇ ਤੁਹਾਨੂੰ ਜਲਦੀ ਹੀ ਕਿਸੇ ਡਾਕਟਰ ਦੀ ਮਦਦ ਦੀ ਜ਼ਰੂਰਤ ਹੋ ਸਕਦੀ ਹੈ। ਗੁੱਸਾ ਨੁਕਸਾਨਦੇਹ ਹੋ ਵੀ ਸਕਦਾ ਹੈ, ਤੇ ਕਈ ਵਾਰ ਮਦਦਗਾਰ ਵੀ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਗੁੱਸੇ ਨੂੰ ਕਿਵੇਂ ਜ਼ਾਹਰ ਕਰਦੇ ਹੋ।

ਗੁੱਸਾ ਆਉਂਦਾ ਕਿਉਂ ਹੈ ?
 
ਗੁੱਸੇ ਲਈ ਮੁਢਲੇ ਕਾਰਨ ਬਹੁਤ ਸਾਰੇ ਹੋ ਸਕਦੇ ਹਨ। ਉਦਾਹਰਣ ਲਈ ਤੁਹਾਡੀ ਰਾਏ ਜਾਂ ਕੋਸ਼ਿਸ਼ਾਂ ਦੀ ਕਦਰ ਨਾ ਕੀਤਾ ਜਾਣਾ, ਸੁਭਾਅ ‘ਚ ਚਿੜਚਿੜਾਪਨ, ਬੇਇਨਸਾਫ਼ੀ ਦਾ ਅਨੁਭਵ, ਨਾਪਸੰਦ ਘਟਨਾਵਾਂ ਦਾ ਵਾਰ-ਵਾਰ ਸਾਹਮਣਾ ਕਰਨਾ ਆਦਿ। ਇਨ੍ਹਾਂ ਤੋਂ ਇਲਾਵਾ ਕੁਝ ਸੰਬੰਧਿਤ ਵਿਸ਼ਿਆਂ ਵੱਲ੍ਹ ਰੁਝਾਨ, ਦਿਮਾਗ ਦਾ ਰਸਾਇਣ ਵਿਗਿਆਨ ਜਾਂ ਮਾਨਸਿਕ ਸਥਿਤੀਆਂ ਵੀ ਗੁੱਸੇ ਦਾ ਕਾਰਨ ਹੋ ਸਕਦੀਆਂ ਹਨ।

ਆਪਣੇ ਗੁੱਸੇ ਦਾ ਸਾਹਮਣਾ ਖ਼ੁਦ ਕਿਵੇਂ ਕਰੀਏ ?

ਆਮ ਰੋਗਾਂ ਵਰਗਾ ਗੁੱਸੇ ਦਾ ਕੋਈ ਸਿੱਧਾ ਇਲਾਜ ਨਹੀਂ ਹੈ, ਹਾਲਾਂਕਿ ਕੁਝ ਅਭਿਆਸ ਅਤੇ ਉਪਚਾਰ ਦੀ ਵਰਤੋਂ ਰਾਹੀਂ ਇਸ ਦੀ ਤੀਬਰਤਾ ਨੂੰ ਘਟਾਇਆ ਜਾ ਸਕਦਾ ਹੈ। ਗੁੱਸੇ ਨਾਲ ਨਜਿੱਠਣ ਲਈ ਅਜਿਹੀਆਂ ਕੁਝ ਤਕਨੀਕਾਂ ਅਪਣਾਈਆਂ ਜਾ ਸਕਦੀਆਂ ਹਨ –

– ਗੁੱਸੇ ਨੂੰ ਸਰੀਰਕ ਸੰਵੇਦਨਾ ਜਾਂ ਕਿਰਿਆਵਾਂ ਵਿੱਚ ਬਦਲਣਾ – ਇਹ ਸਵੈ-ਨੁਕਸਾਨ ਪਹੁੰਚਾਉਣ ਵਾਲੀ ਵੀ ਹੋ ਸਕਦੀ ਹੈ ਪਰ ਖੋਜਾਂ ਰਾਹੀਂ ਇਹ ਪਤਾ ਲੱਗਿਆ ਹੈ ਕਿ ਇਸ ਦੀ ਵਰਤੋਂ ਨਾਲ ਗੁੱਸੇ ਵਿੱਚ ਆਏ ਵਿਅਕਤੀ ਦੀ ਕ੍ਰੋਧ ਦੀ ਭਾਵਨਾਤਮਕ ਤੀਬਰਤਾ ਘਟਦੀ ਹੈ। ਇਨ੍ਹਾਂ ਸਰੀਰਕ ਕਿਰਿਆਵਾਂ ਵਿੱਚ ਕਿਸੇ ਨਰਮ ਖਿਡੌਣੇ ਜਾਂ ਅਜਿਹੀ ਕਿਸੇ ਹੋਰ ਚੀਜ਼ ਨੂੰ ਮੁੱਕਾ ਮਾਰਨਾ ਸ਼ਾਮਲ ਹੈ।

– ਮਨੋਰੋਗ ਮਾਹਰ ਨਾਲ ਸਲਾਹ-ਮਸ਼ਵਰਾ – ਮਨੋਚਿਕਿਤਸਕ ਜਾਂ ਗੁੱਸੇ ਦਾ ਪ੍ਰਬੰਧਨ ਕਰਨ ਵਾਲੇ ਡਾਕਟਰ ਜਲਦੀ ਗੁੱਸੇ ਵਿੱਚ ਆ ਜਾਣ ਵਾਲੇ ਲੋਕਾਂ ਨੂੰ ਢੁਕਵੇਂ ਸਲਾਹ-ਮਸ਼ਵਰੇ ਰਾਹੀਂ ਗੁੱਸੇ ਨੂੰ ਘਟਾਉਣ ਅਤੇ ਕੁਝ ਗਤੀਵਿਧੀਆਂ ਰਾਹੀਂ ਉਨ੍ਹਾਂ ਨਾਲ ਮਾਨਸਿਕ ਬੰਧਨ ਬਣਾ ਕੇ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਹਨ।

– ਤਣਾਅ ਵਾਲੇ ਖੇਤਰਾਂ ਦੀ ਮਾਲਿਸ਼ ਤੇ ਕਸਰਤ – ਮੋਢਿਆਂ ਨੂੰ ਹਿਲਾਉਣਾ ਜਾਂ ਗਰਦਨ ਤੇ ਖੋਪੜੀ ਦੀ ਮਾਲਸ਼ ਨਾਲ ਤਣਾਅ ਦੇ ਬਿੰਦੂਆਂ ‘ਤੇ ਅਸਰ ਪੈਂਦਾ ਹੈ ਅਤੇ ਇਹ ਕਿਰਿਆ ਗੁੱਸੇ ਨੂੰ ਘਟਾਉਣ ਵਿਚ ਸਹਾਇਤਾ ਕਰਦੀ ਹੈ।

ਗੁੱਸੇ ਦੇ ਇਲਾਜ ਦੀ ਲੋੜ ਕਿਸ ਨੂੰ ਨਹੀਂ ਹੈ?

ਗੁੱਸੇ ਦੇ ਇਲਾਜ ਦੀ ਲੋੜ ਕਿਸੇ ਨੂੰ ਵੀ ਹੋ ਸਕਦੀ ਹੈ, ਇਸ ‘ਚ ਉਮਰ ਜਾਂ ਲਿੰਗ ਦੀਆਂ ਹੱਦਾਂ ਬਹੁਤਾ ਮਹੱਤਵ ਨਹੀਂ ਰੱਖਦੀਆਂ। ਇਸ ਇਲਾਜ ‘ਚ ਸਲਾਹ-ਮਸ਼ਵਰੇ ਤੇ ਹੋਰ ਦਵਾਈਆਂ  ਦੇ ਨਾਲ, ਕੁਝ ਤਣਾਅ ਘਟਾਉਣ ਦੀਆਂ ਦਵਾਈਆਂ ਵੀ ਸ਼ਾਮਲ ਹੋ ਸਕਦੀਆਂ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਗੁੱਸੇ ‘ਤੇ ਕਾਬੂ ਪਾਉਣ ਲਈ ਡਾਕਟਰੀ ਸਲਾਹ ਦੀ ਜ਼ਰੂਰਤ ਹੈ, ਤਾਂ ਕਿਸੇ ਚੰਗੇ ਮਾਹਰ ਨਾਲ ਇਸ ਬਾਰੇ ਖੁੱਲ੍ਹ ਕੇ ਗੱਲਬਾਤ ਕਰੋ।