ਜੂਨ 1984 ’ਚ ਗੋਲੀਆਂ ਨਾਲ ਜ਼ਖ਼ਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਸੰਗਤਾਂ ਨੂੰ ਕਰਵਾਏ ਜਾਣਗੇ ਦਰਸ਼ਨ  

By Shanker Badra - June 02, 2021 6:06 pm

ਅੰਮ੍ਰਿਤਸਰ : ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੇਂਦਰ ਦੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਵਹਿਸ਼ੀਆਨਾ ਢੰਗ ਨਾਲ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ। ਇਹ ਫੈਸਲਾ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ’ਚ ਲਿਆ ਗਿਆ। ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੂਨ ’84 ਦੇ ਘੱਲੂਘਾਰੇ ਨੂੰ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ। ਇਹ ਉਹ ਰਿਸਦਾ ਜ਼ਖ਼ਮ ਹੈ, ਜੋ 37 ਸਾਲ ਬਾਅਦ ਵੀ ਪੀੜਾਮਈ ਹੈ।

ਜੂਨ 1984 ’ਚਗੋਲੀਆਂ ਨਾਲ ਜ਼ਖ਼ਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਸੰਗਤਾਂ ਨੂੰ ਕਰਵਾਏ ਜਾਣਗੇ ਦਰਸ਼ਨ  

ਉਨ੍ਹਾਂ ਕਿਹਾ ਕਿ ਇਸ ਘੱਲੂਘਾਰੇ ਨਾਲ ਜੁੜੀਆਂ ਮੌਜੂਦ ਨਿਸ਼ਾਨੀਆਂ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਕੌਮ ’ਤੇ ਹੋਏ ਜ਼ੁਲਮਾਂ ਨੂੰ ਯਾਦ ਰੱਖ ਸਕਣ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਘੱਲੂਘਾਰੇ ਦੌਰਾਨ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਮੇਤ ਹੋਰ ਨਿਸ਼ਾਨੀਆਂ ਨੂੰ ਸੰਗਤ ਸਾਹਮਣੇ ਲਿਆਂਦਾ ਜਾਵੇ। ਇਸੇ ਤਹਿਤ ਹੀ ਸ਼ਹੀਦੀ ਹਫ਼ਤੇ ਦੌਰਾਨ ਜ਼ਖ਼ਮੀ ਪਾਵਨ ਸਰੂਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ 3 ਤੋਂ 5 ਜੂਨ ਤੱਕ ਸੰਗਤ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਾਵਨ ਸਰੂਪ ’ਚ ਲੱਗੀ ਗੋਲੀ ਨੂੰ ਵੀ ਪ੍ਰਦਰਸ਼ਤ ਕੀਤਾ ਜਾਵੇਗਾ।

ਜੂਨ 1984 ’ਚਗੋਲੀਆਂ ਨਾਲ ਜ਼ਖ਼ਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਸੰਗਤਾਂ ਨੂੰ ਕਰਵਾਏ ਜਾਣਗੇ ਦਰਸ਼ਨ  

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਫ਼ੌਜੀ ਹਮਲੇ ’ਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਨ੍ਹਾਂ ਸੁਨਹਿਰੀ ਪੱਤਰਿਆਂ ’ਤੇ ਗੋਲੀਆਂ ਲੱਗੀਆਂ ਸਨ, ਨੂੰ ਵੀ ਜਲਦ ਹੀ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਇਹ ਸੁਨਹਿਰੀ ਪੱਤਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੋਰਾ ਸਾਹਿਬ ਵਿਚ ਸੁਸ਼ੋਭਿਤ ਕੀਤੇ ਜਾਣਗੇ ਅਤੇ ਇਸ ਦੇ ਨਾਲ ਹੀ ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸਕ ਅਕਾਲਸਰ ਖੂਹ ਦੇ ਦਰਸ਼ਨ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਥੋੜ੍ਹੇ ਦਿਨਾਂ ਅੰਦਰ ਹੀ ਜੂਨ 1984 ਸਬੰਧੀ ਬਣਾਈ ਜਾ ਰਹੀ ਸ਼ਹੀਦੀ ਗੈਲਰੀ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਸ ਵਿਚ ਢਹਿ-ਢੇਰੀ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡ-ਅਕਾਰੀ ਮਾਡਲ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਇਥੇ ਡਿਜੀਟਲ ਰੂਪ ਵਿਚ ਘੱਲੂਘਾਰੇ ਦੇ ਇਤਿਹਾਸ ਨੂੰ ਵੀ ਰੂਪਮਾਨ ਕਰਾਂਗੇ। ਫ਼ੌਜ ਦੀਆਂ ਗੋਲੀਆਂ ਦੀ ਗਵਾਹ ਖ਼ਜ਼ਾਨਾ ਡਿਓੜੀ ਨੂੰ ਸੰਭਾਲਣ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੂਨ ’84 ਦੇ ਫ਼ੌਜੀ ਹਮਲੇ ਸਮੇਂ ਸ਼ਹੀਦ ਕੀਤੇ ਗਏ ਸਿੰਘ, ਸਿੰਘਣੀਆਂ ਅਤੇ ਭੁਝੰਗੀਆਂ ਦੇ ਵੇਰਵੇ ਇਕੱਤਰ ਕਰਨ ਲਈ ਵੀ ਯਤਨ ਕੀਤੇ ਜਾਣਗੇ।

June 1984 Ghallughara : SGPC has decided to visit the sangats of Pawan Saroop were injured due shooting ਜੂਨ 1984 ’ਚਗੋਲੀਆਂ ਨਾਲ ਜ਼ਖ਼ਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਸੰਗਤਾਂ ਨੂੰ ਕਰਵਾਏ ਜਾਣਗੇ ਦਰਸ਼ਨ  

ਗੱਲਬਾਤ ਕਰਦਿਆਂ ਭਾਵੁਕ ਹੋਏ ਬੀਬੀ ਜਗੀਰ ਕੌਰ

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਭਾਵੁਕ ਹੋ ਗਏ ਅਤੇ ਇਸ ਦੌਰਾਨ ਉਹ ਆਪਣੇ ਹੰਝੂ ਨਾ ਰੋਕ ਸਕੇ। ਉਨ੍ਹਾਂ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਦੌਰਾਨ ਸਮੇਂ ਦੀ ਕੇਂਦਰੀ ਹਕੂਮਤ ਨੇ ਜਿਥੇ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ, ਉਥੇ ਹੀ ਪੂਰੀ ਦੁਨੀਆਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਵੀ ਟੈਂਕਾਂ ਤੋਪਾਂ ਦਾ ਨਿਸ਼ਾਨਾ ਬਣਾਇਆ। ਜ਼ਕਰੀਆ ਖਾਨ ਅਤੇ ਅਬਦਾਲੀ ਵਰਗੇ ਵਿਦੇਸ਼ੀ ਹਮਲਾਵਰਾਂ ਨੇ ਵੀ ਸਿੱਖਾਂ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਸੀ ਪਰ ਜੂਨ ’84 ਦਾ ਫ਼ੌਜੀ ਹਮਲਾ ਇਸ ਕਰਕੇ ਹੋਰ ਵੀ ਪੀੜਾਮਈ ਹੈ, ਕਿਉਂਕਿ ਇਹ ਆਪਣੇ ਹੀ ਦੇਸ਼ ਦੀ ਕਾਂਗਰਸ ਸਰਕਾਰ ਨੇ ਕੀਤਾ ਸੀ। ਇਹ ਸਿੱਖ ਕਤਲੇਆਮ ਸਿੱਖ ਮਾਨਸਿਕਤਾ ਦਾ ਸਦੀਵ ਹਿੱਸਾ ਬਣਿਆ ਰਹੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬੀਤੇ ਦਿਨੀਂ ਜਦੋਂ ਉਨ੍ਹਾਂ ਨੇ ਜ਼ਖ਼ਮੀ ਪਾਵਨ ਸਰੂਪ ਦੇ ਦਰਸ਼ਨ ਕੀਤੇ ਸਨ, ਤਾਂ ਉਨ੍ਹਾਂ ਦਾ ਮਨ ਪਸੀਜਿਆ ਗਿਆ ਸੀ।

ਉਸ ਵਕਤ ਉਨ੍ਹਾਂ ਸੋਚਿਆ ਸੀ ਕਿ ਇਸ ਦੇ ਸੰਗਤ ਨੂੰ ਦਰਸ਼ਨ ਕਰਵਾਉਣ ਲਈ ਅੰਤ੍ਰਿੰਗ ਕਮੇਟੀ ਨਾਲ ਵਿਚਾਰ ਕੀਤਾ ਜਾਵੇ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਯਹੂਦੀਆਂ ਨੂੰ ਹਿਟਲਰ ਅਤੇ ਜਰਮਨ ਨਾਜੀਆ ਨੇ ਨੇਸਤੋਨਾਬੂਦ ਕਰਨ ਦਾ ਕਰੂਰ ਕਾਰਾ ਕੀਤਾ ਸੀ, ਪਰ ਉਹ ਆਪਣੀ ਹਿੰਮਤ ਤੇ ਦੂਰਅੰਦੇਸ਼ੀ ਨਾਲ ਮੁੜ ਪੈਰਾਂ ’ਤੇ ਹੋ ਗਏ। ਸਿੱਖ ਕੌਮ ਨਾਲ ਵੀ ਕੇਂਦਰ ਦੀ ਕਾਂਗਰਸ ਹਕੂਮਤ ਨੇ ਅਜਿਹਾ ਹੀ ਕੀਤਾ, ਪਰ ਅਸੀਂ ਆਪਣੀਆਂ ਨਿਸ਼ਾਨੀਆਂ ਪੂਰੀ ਤਰ੍ਹਾਂ ਸੰਭਾਲ ਨਹੀਂ ਸਕੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਾਨੂੰ ਖੇਦ ਹੈ। ਬੀਬੀ ਜਗੀਰ ਕੌਰ ਨੇ ਇਸ ਮੌਕੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਦੁਖਾਂਤ ਨੂੰ ਆਪਣੀ ਅਗਲੀ ਪੀੜ੍ਹੀ ਤੱਕ ਜ਼ਰੂਰ ਲਿਜਾਣ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਉਂਦਿਆਂ ਇਸ ਦੀ ਭਾਵਨਾ ਅਨੁਸਾਰ ਸ਼ਾਂਤੀ ਵਿਚ ਰਹਿ ਕੇ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਜਾਵੇ।
-PTCNews

adv-img
adv-img