ਮੁੱਖ ਖਬਰਾਂ

ਚੰਡੀਗੜ੍ਹ ਦੇ ਸਕੂਲ 'ਚ ਵੱਡਾ ਦਰੱਖਤ ਡਿੱਗਣ ਕਾਰਨ ਕਈ ਬੱਚੇ ਜ਼ਖ਼ਮੀ, ਇੱਕ ਦੀ ਮੌਤ

By Jasmeet Singh -- July 08, 2022 12:37 pm -- Updated:July 08, 2022 5:16 pm

ਨੇਹਾ ਸ਼ਰਮਾ/ਅੰਕੁਸ਼ ਮਹਾਜਨ (ਚੰਡੀਗੜ੍ਹ, 8 ਜੁਲਾਈ): ਸੈਕਟਰ 9 ਦੇ ਕਾਰਮਲ ਕਾਨਵੈਂਟ ਸਕੂਲ ਵਿੱਚ ਅੱਜ ਸਵੇਰੇ 11:30 ਵਜੇ ਦੇ ਕਰੀਬ ਇੱਕ ਦਰੱਖਤ ਡਿੱਗਣ ਦੀ ਦਰਦਨਾਕ ਘਟਨਾ ਵਾਪਰੀ। ਇਸ ਘਟਨਾ ਦੌਰਾਨ ਕੁੱਲ 19 ਵਿਦਿਆਰਥੀ ਅਤੇ ਇੱਕ ਮਹਿਲਾ ਸੇਵਾਦਾਰ (40 ਸਾਲ) ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਇਕ ਵਿਦਿਆਰਥੀ (16 ਸਾਲ) ਨੂੰ ਤੁਰੰਤ ਪੀਜੀਆਈਐਮਈਆਰ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਮ੍ਰਿਤਕ ਵਿਦਿਆਰਥੀ ਦੀ ਪਛਾਣ ਹੀਰਾਕਸ਼ੀ ਵਜੋਂ ਹੋਈ ਹੈ, ਜੋ ਸੈਕਟਰ 43 ਵਿੱਚ ਰਹਿੰਦੀ ਸੀ। ਉਹ ਦਸਵੀਂ ਜਮਾਤ ਦੀ ਵਿਦਿਆਰਥਣ ਸੀ। ਉਹ ਆਪਣੇ ਪਰਿਵਾਰ ਦੀ ਸਭ ਤੋਂ ਛੋਟੀ ਧੀ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਸ਼ਿਮਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ।

11 ਵਿਦਿਆਰਥੀਆਂ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਡਾਇਰੈਕਟਰ ਸਿਹਤ ਸੇਵਾਵਾਂ ਦੀ ਨਿਗਰਾਨੀ ਹੇਠ ਜੀਐਮਐਸਐਚ 16 ਵਿੱਚ ਇਲਾਜ ਅਧੀਨ ਹਨ ਅਤੇ ਡਾਕਟਰੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਚਾਰ ਵਿਦਿਆਰਥੀ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਨੂੰ ਫੋਰਟਿਸ ਹਸਪਤਾਲ ਅਤੇ ਦੋ ਮੁਕੁਟ ਹਸਪਤਾਲ ਭਰਤੀ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਮਹਿਲਾ ਸੇਵਾਦਾਰ ਅਤੇ ਇੱਕ ਵਿਦਿਆਰਥੀ ਨੂੰ ਹੁਣ GMSH-16 ਤੋਂ ਪੀਜੀਆਈਐਮਈਆਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਪੀਜੀਆਈਐਮਈਆਰ ਵਿੱਚ ਡਾਕਟਰਾਂ ਦੀ ਲਗਾਤਾਰ ਨਿਗਰਾਨੀ ਹੇਠ ਹਨ।

ਗ੍ਰਹਿ ਸਕੱਤਰ ਚੰਡੀਗੜ੍ਹ, ਡਿਪਟੀ ਕਮਿਸ਼ਨਰ, ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਸਕੱਤਰ ਨੇ ਸਕੂਲ, ਜੀਐਮਐਸਐਚ-16 ਅਤੇ ਪੀਜੀਆਈਐਮਈਆਰ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ: ਪੰਜਾਬ ਸਕੂਲ ਬੋਰਡ ਸਿੱਖਿਆ ਦੀ 10ਵੀਂ ਜਮਾਤ ਦਾ ਨਤੀਜਾ ਭਲਕੇ ਹੋਵੇਗਾ ਜਾਰੀ

ਭਵਿੱਖ ਵਿੱਚ ਅਜਿਹੀ ਕਿਸੇ ਵੀ ਘਟਨਾ ਤੋਂ ਬਚਣ ਲਈ ਨਗਰ ਨਿਗਮ, ਜੰਗਲਾਤ ਵਿਭਾਗ, ਬਾਗਬਾਨੀ ਵਿੰਗ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਸਕੂਲਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਕੇ ਚਾਰਦੀਵਾਰੀ ਦੇ ਅੰਦਰ ਅਤੇ ਆਲੇ-ਦੁਆਲੇ ਦਰੱਖਤਾਂ ਦਾ ਮੁਆਇਨਾ ਕਰੇਗੀ। ਪ੍ਰਸ਼ਾਸਕ ਅਤੇ ਸਲਾਹਕਾਰ ਨੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਡਿਪਟੀ ਕਮਸ਼ਿਨਰ ਵੱਲੋਂ ਚੰਡੀਗੜ੍ਹ ਸਕੂਲ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਤੇ ਇੱਕ ਹਫ਼ਤੇ ਵਿਚ 3 ਮੈਂਬਰੀ ਕਮੇਟੀ ਨੂੰ ਰਿਪੋਰਟ ਦੇਣ ਦੇ ਹੁਕਮ ਦੇ ਦਿੱਤੇ ਗਏ ਹਨ।

chd

-PTC News

  • Share