ਪੰਜਾਬ

ਵੱਖ ਵੱਖ ਜ਼ਿਲਿਆਂ ਤੋਂ ਕਰਦੇ ਸਨ ਲਗਜ਼ਰੀ ਗੱਡੀਆਂ 'ਤੇ ਹੱਥ ਸਾਫ਼, ਚੜ੍ਹੇ ਪੁਲਿਸ ਅੜਿੱਕੇ

By Jagroop Kaur -- December 11, 2020 5:12 pm -- Updated:Feb 15, 2021
ਤਰਨਤਾਰਨ : ਨਾਰੋਟਿਕ ਸੈਲ ਤਰਨਤਾਰਨ ਦੇ ਏ.ਐੱਸ.ਆਈ. ਗੁਰਦਿਆਲ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਦੌਰਾਨ ਚੋਰੀ ਦੀਆਂ 6 ਲਗਜ਼ਰੀ ਗੱਡੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਭਗਵਾਨਪੁਰ ਤੇ ਗੁਰਭੇਜ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ ਵਜੋਂ ਹੋਈ ਹੈ। ਫੜ੍ਹੇ ਗਏ ਦੋਸ਼ੀਆਂ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕਰਕੇ 3 ਦਿਨਾਂ ਰਿਮਾਂਡ ਹਾਸਲ ਕੀਤਾ ਹੈ।

ਜਾਣਕਾਰੀ ਮੁਤਾਬਕ ਨਾਰੋਟਿਕ ਸੈਲ ਤਰਨਤਾਰਨ ਦੇ ਏ.ਐੱਸ.ਆਈ. ਗੁਰਦਿਆਲ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕੀਤੀ ਜਾ ਰਹੀ ਸੀ। ਪਿੰਡ ਦੀਨਪੁਰ ਬੱਸ ਅੱਡੇ ਨੇੜੇ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਉਕਤ ਦੋਸ਼ੀ ਚੋਰੀ ਦੀਆਂ ਗੱਡੀਆਂ ਵੇਚਦੇ ਅਤੇ ਖਰੀਦਦੇ ਹਨ। ਇਸੇ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਰੂਸਲਪੁਰ ਨਹਿਰਾ 'ਤੇ ਸਪੈਸ਼ਲ ਨਾਕਾਬੰਦੀ ਕਰਕੇ ਇਕ ਸਵਿਫ਼ਟ ਕਾਰ ਚਾਲਕ ਨੂੰ ਰੋਕ ਕੇ ਕਾਗਜ਼ਾਤ ਦਿਖਾਉਣ ਲਈ ਕਿਹਾ ਪਰ ਉਹ ਕਾਗਜ਼ਾਤ ਨਹੀਂ ਦਿਖਾ ਸਕਿਆ।

ਕਾਰ 'ਚ ਬੈਠੇ ਦੋਵੇਂ ਨੌਜਵਾਨ ਮਨਪ੍ਰੀਤ ਸਿੰਘ ਤੇ ਗੁਰਭੇਜ ਸਿੰਘ ਘਬਰਾਅ ਗਏ। ਉਨ੍ਹਾਂ ਨੇ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਚੋਰੀ ਦੀਆਂ ਗੱਡੀਆਂ ਖਰੀਦਦੇ ਤੇ ਵੇਚਦੇ ਹਨ ਤੇ ਉਨ੍ਹਾਂ ਨਾਲ ਧਰਮਿੰਦਰ ਸਿੰਘ ਉਰਫ਼ ਗੋਰਾ ਵਾਸੀ ਵਾੜਾ ਤੇਲੀਆ ਥਾਣਾ ਵਲਟੋਹਾ, ਭੁਪਿੰਦਰ ਸਿੰਘ ਵਾਸੀ ਕਲਸੀਆਂ ਵੀ ਚੋਰੀ ਦੀਆਂ ਗੱਡੀਆਂ ਵੇਚਦੇ ਹਨ, ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਚੋਰੀਆਂ ਦੀਆਂ 5 ਗੱਡੀਆਂ ਹਨ, ਜਿਨ੍ਹਾਂ 'ਚੋਂ 3 ਨੌਸ਼ਹਿਰਾ ਪੰਨੂਆਂ ਵਿਖੇ ਲੁਕਾਅ ਕੇ ਰੱਖਿਆ ਹੋਇਆ ਹੈ ਤੇ 2 ਗੁਰੂ ਨਾਨਕ ਕਾਰ ਬਜ਼ਾਰ ਮੱਖੂ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਖੜ੍ਹੀਆਂ ਹਨ। ਮੌਕੇ 'ਤੇ ਪਹੁੰਚ ਕੇ ਪੁਲਸ ਨੇ ਉਕਤ ਜਗ੍ਹਾ ਤੋਂ ਬਰੀਜ਼ਾ, ਕਰੇਜਾ, ਸਵਿਫ਼ਟ, 2 ਕਰੇਟਾ ਕਾਰ ਬਿਨ੍ਹਾਂ ਨੰਬਰੀ ਬਰਾਮਦ ਕੀਤੀਆਂ।

ਪੁੱਛਗਿੱਛ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀ ਚੋਰੀ ਦੀਆਂ ਗੱਡੀਆਂ ਦਿੱਲੀ, ਹਰਿਆਣਾ ਅਤੇ ਉਤਰਾਖੰਡ ਤੋਂ ਲਿਆ ਕੇ ਵੇਚਦੇ ਸਨ। ਇਨ੍ਹਾਂ ਗੱਡੀਆਂ ਦੀਆਂ ਕੁੱਲ ਕੀਮਤ 37 ਲੱਖ ਹੈ। ਉਨ੍ਹਾਂ ਦੱਸਿਆ ਕਿ ਧਰਮਿੰਦਰ ਸਿੰਘ ਉਰਫ਼ ਗੋਰਾ ਅਤੇ ਭੁਪਿੰਦਰ ਸਿੰਘ ਉਰਫ਼ ਭਿੰਦਾ ਦੀ ਗ੍ਰਿਫ਼ਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਰਿਮਾਂਡ ਦੌਰਾਨ ਉਕਤ ਦੋਸ਼ੀਆਂ ਕੋਲੋਂ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

  • Share