Amritsar News : ਅੰਮ੍ਰਿਤਸਰ 'ਚ ਅੱਜ ਸਵੇਰੇ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁੱਠਭੇੜ ਹੋਈ ਹੈ। ਜਿਸ ਵਿਚ ਗੈਂਗਸਟਰ ਅਤੇ ਪੁਲਿਸ ਵਿਚਕਾਰ ਹੋਈ ਗੋਲੀਬਾਰੀ ਵਿਚ ਗੈਂਗਸਟਰ ਦੀ ਲੱਤ ’ਚ ਗੋਲੀ ਵੱਜ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜਿਸਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਆਰੋਪੀ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ,ਜੋ ਲੁੱਟ ਖੋਹ ਅਤੇ ਫਿਰੌਤੀ ਮੰਗਣ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ। ਇਸ ਸੰਬੰਧੀ ਜਲਦੀ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਹੋਰ ਖੁਲਾਸਾ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਕਾਬਲਾ ਸਵੇਰੇ 4.30 ਵਜੇ ਕੰਪਨੀ ਗਾਰਡਨ ਨੇੜੇ ਪੁਰਾਣੇ ਬੱਚਾ ਵਾਰਡ ਦੇ ਸਾਹਮਣੇ ਹੋਇਆ। ਜਿੱਥੇ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਅਤੇ ਪੁਲਿਸ ਪਾਰਟੀ ਦਾ ਆਹਮਣਾ ਸਾਹਮਣਾ ਹੋ ਗਿਆ ਅਤੇ ਪੁਲਿਸ ਵਲੋਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰਾਂ ’ਚੋਂ ਇਕ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ, ਜਿਸ ਦੇ ਜਵਾਬ ’ਚ ਪੁਲਿਸ ਵਲੋਂ ਚਲਾਈ ਗੋਲੀ ਨਾਲ ਗੈਂਗਸਟਰ ਜ਼ਖਮੀ ਹੋ ਗਿਆ। ਪੁਲਿਸ ਨੇ ਹੁਣ ਕ੍ਰਿਸਟਲ ਚੌਕ ਤੋਂ ਬੱਚਾ ਵਾਰਡ ਵੱਲ ਆਉਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਹੈ। ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਗੁਰਦਾਸਪੁਰ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁੱਠਭੇੜ ਹੋਈ ਸੀ ਅਤੇ ਪੁਲਿਸ ਦੀ ਜਵਾਬੀ ਕਾਰਵਾਈ 'ਚ ਬਦਮਾਸ਼ ਜ਼ਖਮੀ ਹੋਇਆ ਸੀ। ਗੁਰਦਾਸਪੁਰ ਵਿੱਚ ਬੀਤੇ ਦਿਨੀਂ ਪੰਜਾਬ ਵਾਚ ਕੰਪਨੀ ਦੀ ਦੁਕਾਨ 'ਤੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ। ਇਸ ਸਬੰਧ ਵਿੱਚ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਮੰਗਲਵਾਰ ਨੂੰ ਪੁਲਿਸ ਅਤੇ ਉਪਰੋਕਤ ਅਪਰਾਧ ਕਰਨ ਵਾਲੇ ਬਦਮਾਸ਼ ਵਿਚਕਾਰ ਮੁੱਠਭੇੜ ਹੋਈ ਹੈ। ਇਹ ਘਟਨਾ ਗੁਰਦਾਸਪੁਰ ਦੇ ਬਾਬਰੀ ਬਾਈਪਾਸ ਅਤੇ ਨਵੀਪੁਰ ਦੇ ਵਿਚਕਾਰ ਗੰਦੇ ਨਾਲੇ ਦੇ ਰਸਤੇ 'ਤੇ ਵਾਪਰੀ।