Bathinda News : ਜੰਮੂ -ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਗਵਾਂਡੀ ਦੇਸ਼ ਪਾਕਿਸਤਾਨ ਦੇ ਨਾਲ ਸਰਹੱਦ ਉੱਤੇ ਤਣਾਅ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਜਿੱਥੇ ਇੱਕ ਪਾਸੇ ਪਾਕਿਸਤਾਨ ਵੱਲੋਂ ਲਸ਼ਕਰ ਏ ਤੋਇਬਾ ਅੱਤਵਾਦੀ ਸੰਗਠਨ ਨੂੰ ਪਨਾਹ ਦੇਣ ਦੀ ਦੁਨੀਆਂ ਭਰ ਦੇ ਵਿੱਚ ਨਿੰਦਾ ਹੋ ਰਹੀ ਹੈ ,ਉੱਥੇ ਹੀ ਭਾਰਤ ਦੇਸ਼ ਦੀ ਆਰਮੀ ਵੱਲੋਂ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਟਰਾਇਲ ਚੱਲ ਰਿਹਾ ਹੈ। ਇਸ ਨੂੰ ਲੈ ਕੇ ਪਾਕਿਸਤਾਨ ਕਾਫੀ ਚਿੰਤਿਤ ਨਜ਼ਰ ਆ ਰਿਹਾ ਹੈ। ਜਿਸ ਤੋਂ ਬਾਅਦ ਆਰਮੀ ਦੀ ਗਤੀਵਿਧੀਆਂ ਨੂੰ ਲੈ ਕੇ ਆਪਣੇ ਜਸੂਸਾਂ ਦੇ ਜਰੀਏ ਜਾਨਣ ਦੇ ਲਈ ਵੱਖਰੇ -ਵੱਖਰੇ ਹੱਥਕੰਡੇ ਅਪਣਾ ਰਿਹਾ ਹੈ। ਬਠਿੰਡਾ ਦੇ ਕੰਟੋਨਮੈਂਟ ਏਰੀਆ ਵਿੱਚ ਇੱਕ ਆਰਮੀ ਦੇ ਜਵਾਨ ਦੇ ਬੇਟੇ ਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ ਕਾਲ ਜ਼ਰੀਏ ਕਾਲ ਆਈ। ਵਟਸਐਪ ਕਾਲ ਕਰਕੇ ਆਰਮੀ ਦੇ ਜਵਾਨ ਦੇ ਬੇਟੇ ਨੂੰ ਉਸ ਦੇ ਪਿਤਾ ਦਾ ਕਰੀਬੀ ਦੱਸਦਿਆਂ ਹੋਇਆਂ ਗੱਲਬਾਤ ਕੀਤੀ ਗਈ। ਜਿਸ ਨੂੰ ਆਰਮੀ ਜਵਾਨ ਦੇ ਬੇਟੇ ਵੱਲੋਂ ਆਪਣੇ ਦੂਸਰੇ ਮੋਬਾਈਲ ਤੋਂ ਰਿਕਾਰਡ ਵੀ ਕੀਤਾ ਗਿਆ। ਆਡੀਓ ਵਿੱਚ ਸਾਫ ਤੌਰ ਉੱਤੇ ਸੁਣਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਇਹ ਅਣਜਾਣ ਵਿਅਕਤੀ ਫੌਜੀ ਜਵਾਨ ਦੇ ਬੇਟੇ ਨੂੰ ਆਪਣੀਆਂ ਗੱਲਾਂ ਦੇ ਜ਼ਰੀਏ ਫੌਜ ਦੀਆਂ ਗਤੀਵਿਧੀਆਂ ਬਾਰੇ ਜਾਨਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਆਰਮੀ ਜਵਾਨ ਦੇ ਬੇਟੇ ਵੱਲੋਂ ਚੌਕਸੀ ਵਿਖਾਉਂਦਿਆਂ ਹੋਇਆਂ ਇਸ ਗੱਲ ਨੂੰ ਬਖੂਬੀ ਢੰਗ ਨਾਲ ਸਮਝਦਿਆਂ ਹੋਇਆਂ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ। ਇਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਰੀਕੇ ਦੀਆਂ ਗਤੀਵਿਧੀਆਂ ਜਾਂ ਵੀਡੀਓ ਅਤੇ ਆਡੀਓ ਕਾਲ ਦੇ ਜਰੀਏ ਜਾਣਕਾਰੀ ਲੈਣ ਦੇ ਲਈ ਪਾਕਿਸਤਾਨ ਆਪਣੇ ਖੁਫੀਆ ਤੰਤਰ ਤੋਂ ਵੱਖ-ਵੱਖ ਹੱਥਕੰਡੇ ਅਪਣਾ ਰਿਹਾ ਹੈ ਤਾਂ ਜੋ ਉਹ ਭਾਰਤ ਦੀ ਗਤੀਵਿਧੀਆਂ ਨੂੰ ਜਾਣ ਸਕੇ।ਇਸ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਸੀ ,ਜਿਸ ਦੇ ਵਿੱਚ ਸੁਨੀਲ ਕੁਮਾਰ ਨਾਂ ਦੇ ਸ਼ਖਸ ਨੂੰ ਆਰਮੀ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਤੇ ਕੈਂਪ ਥਾਣੇ ਦੇ ਵਿੱਚ ਧਾਰਾ 152 ਦੇ ਤਹਿਤ ਮੁਕਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਿਸ ਦੇ ਵੱਲੋਂ ਆਰਮੀ ਦੀ ਗਤੀਵਿਧੀਆਂ ਬਾਰੇ ਪਾਕਿਸਤਾਨ ਨੂੰ ਸੂਚਿਤ ਕੀਤਾ ਜਾ ਰਿਹਾ ਸੀ ਅਤੇ ਦੂਜਾ ਮਾਮਲਾ ਇਸ ਤਰੀਕੇ ਦੇ ਨਾਲ ਫੌਜੀ ਦੇ ਬੇਟੇ ਨੂੰ ਕਾਲ ਕਰਕੇ ਸਾਹਮਣੇ ਆਇਆ ਹੈ।