Barnala News : ਬਰਨਾਲਾ ਦੇ ਮਹਿਲ ਕਲਾਂ ਵਿੱਚ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਖੇਤਾਂ 'ਚ ਪਲਟ ਗਈ, ਜਿਸ ਕਾਰਨ ਬੱਸ ਦੇ ਕੰਡਕਟਰ ਨੌਜਵਾਨ ਦੀ ਬੱਸ ਹੇਠਾਂ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ,ਜਦੋਂ ਕਿ ਸਕੂਲੀ ਬੱਚਿਆਂ ਨੂੰ ਬਚਾ ਲਿਆ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਅੰਮ੍ਰਿਤਪਾਲ ਸਿੰਘ (30) ਪੁੱਤਰ ਜਗਦੇਵ ਸਿੰਘ ਵਾਸੀ ਕਲਾਲ ਮਾਜਰਾ (ਬਰਨਾਲਾ) ਵਜੋਂ ਹੋਈ ਹੈ। ਇਹ ਸਕੂਲ ਬੱਸ ਮਹਿਲ ਕਲਾਂ ਦੇ ਇੱਕ ਨਿੱਜੀ ਸਕੂਲ ਦੀ ਦੱਸੀ ਜਾ ਰਹੀ ਹੈ। ਇਸ ਮੌਕੇ ਬੱਸ ਡਰਾਈਵਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਕਲਾਲ ਮਾਜਰਾ ਤੋਂ ਬੱਚਿਆਂ ਨੂੰ ਛੱਡ ਕੇ ਮਹਿਲ ਕਲਾਂ ਤੋਂ ਕਿਰਪਾਲ ਸਿੰਘ ਵਾਲਾ ਪਿੰਡ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਇੱਕ ਤੇਜ਼ ਰਫ਼ਤਾਰ ਵਾਹਨ ਸਿੰਗਲ ਰੋਡ 'ਤੇ ਆਇਆ, ਇਸ ਲਈ ਦੂਜੇ ਵਾਹਨ ਨੂੰ ਰਸਤਾ ਦਿੰਦੇ ਸਮੇਂ ਬੱਸ ਪਲਟ ਗਈ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਲਗਭਗ 55 ਬੱਚੇ ਸਨ। ਉਨ੍ਹਾਂ ਕਿਹਾ ਕਿ ਕੰਡਕਟਰ ਖਿੜਕੀ 'ਤੇ ਖੜ੍ਹਾ ਸੀ ਅਤੇ ਬੱਸ ਪਲਟਣ ਕਾਰਨ ਉਸਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਬੱਚਿਆਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।ਇਸ ਮੌਕੇ ਸਾਧੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਭਤੀਜੇ ਦੀ ਮੌਤ ਦੀ ਖ਼ਬਰ ਫੋਨ 'ਤੇ ਮਿਲੀ ਅਤੇ ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਭਤੀਜੇ ਦੀ ਮੌਤ ਬੱਸ ਹੇਠਾਂ ਆਉਣ ਨਾਲ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਸਕੂਲ ਵਿੱਚ ਕੰਮ ਕਰ ਰਿਹਾ ਸੀ।ਇਸ ਮੌਕੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਸੜਕ ਤੋਂ ਆ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਇੱਕ ਬੱਸ ਹੇਠਾਂ ਡਿੱਗ ਗਈ ਸੀ। ਉਸਨੇ ਦੱਸਿਆ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੂੰ ਫੋਨ ਕਰਕੇ ਦੱਸਿਆ ਕਿ ਇੱਕ ਸਕੂਲ ਬੱਸ ਪਲਟ ਗਈ ਹੈ ਅਤੇ ਬੱਚਿਆਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ। ਉਸਨੇ ਦੱਸਿਆ ਕਿ ਸਾਰਾ ਪਿੰਡ ਇਕੱਠੇ ਹੋਣ ਤੋਂ ਬਾਅਦ ਬੱਸ ਨੂੰ ਇੱਕ ਪਾਸੇ ਤੋਂ ਧੱਕਾ ਦਿੱਤਾ ਗਿਆ ਅਤੇ ਦੇਖਿਆ ਗਿਆ ਕਿ ਬੱਸ ਕੰਡਕਟਰ ਦੀ ਬੱਸ ਦੇ ਹੇਠਾਂ ਆਉਣ ਨਾਲ ਮੌਤ ਹੋ ਗਈ ਸੀ।ਇਸ ਮੌਕੇ ਐਸਐਚਓ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਮਹਿਲ ਕਲਾਂ ਅਤੇ ਕਾਲਾਮਾਜਰਾ ਵਿਚਕਾਰ ਇੱਕ ਸਕੂਲ ਬੱਸ ਪਲਟ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਮੁਆਇਨਾ ਕੀਤਾ ਤਾਂ ਪਤਾ ਲੱਗਾ ਕਿ ਬੱਸ ਟੁੱਟੀ ਸੜਕ ਕਾਰਨ ਪਲਟ ਗਈ ਸੀ ਅਤੇ ਕੰਡਕਟਰ ਦੀ ਬੱਸ ਹੇਠਾਂ ਆਉਣ ਨਾਲ ਮੌਤ ਹੋ ਗਈ ਸੀ ਅਤੇ ਉਸਦੀ ਲਾਸ਼ ਬਰਨਾਲਾ ਦੇ ਮੁਰਦਾਘਰ ਵਿੱਚ ਰੱਖ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਸਕੂਲ ਦੇ 32 ਤੋਂ 33 ਬੱਚੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਾਰੇ ਬੱਚਿਆਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।