1947 ਵੰਡ: ਤਾਜ ਮਹਿਲ ਤੋਂ ਲੈਕੇ ਸਿੰਧ ਦਰਿਆ ਤੱਕ ਵੰਡਣਾ ਚਾਹੁੰਦੇ ਸਨ ਭਾਰਤ ਅਤੇ ਪਾਕਿਸਤਾਨ
Partition 1947: ਲਾਰਡ ਮਾਊਂਟਬੈਟਨ ਭਾਰਤ ਨੂੰ ਭਾਰਤੀਆਂ ਦੇ ਹਵਾਲੇ ਕਰਨ ਲਈ "ਆਖਰੀ ਵਾਇਸਰਾਏ" ਵਜੋਂ ਆਇਆ ਸੀ। ਇਹ ਬਹੁਤ ਚੰਗੀ ਤਰ੍ਹਾਂ ਤੈਅ ਕੀਤਾ ਗਿਆ ਸੀ ਕਿ ਵੰਡ ਦੀ ਪ੍ਰਕਿਰਿਆ ਜੁਲਾਈ 1948 ਤੱਕ ਪੂਰੀ ਹੋ ਜਾਵੇਗੀ। ਉਸ ਨੇ ਕਾਂਗਰਸ ਅਤੇ ਮੁਸਲਿਮ ਲੀਗ ਦੇ ਨੇਤਾਵਾਂ ਨਾਲ ਤਰਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਿਨਾਹ ਮੁਸਲਮਾਨਾਂ ਲਈ ਵੱਖਰੇ ਦੇਸ਼ ਤੋਂ ਇਲਾਵਾ ਕੁਝ ਵੀ ਮੰਨਣ ਲਈ ਤਿਆਰ ਨਹੀਂ ਸਨ।
ਇਸ ਲਈ ਪੂਰਬੀ ਪਾਕਿਸਤਾਨ ਅਤੇ ਪੱਛਮੀ ਪਾਕਿਸਤਾਨ ਦੇ ਵਿੱਚ ਭਾਰਤ ਦਾ ਸੈਂਡਵਿਚ ਬਣਾ ਦਿੱਤਾ ਗਿਆ। ਰਿਆਸਤਾਂ ਨੂੰ ਬਣਾਏ ਗਏ ਦੋ ਨਵੇਂ ਦੇਸ਼ਾਂ ਵਿੱਚ ਜਾਂ ਇੱਕ ਸੁਤੰਤਰ ਸਥਿਤੀ ਵੱਜੋਂ ਸ਼ਾਮਲ ਹੋਣ ਦਾ ਵਿਕਲਪ ਦਿੱਤਾ ਗਿਆ। ਬਰਤਾਨਵੀਆਂ ਨੂੰ ਭਾਰਤ ਦੀ ਹਰ ਸੰਪਤੀ ਨੂੰ ਚੰਗੀ ਤਰ੍ਹਾਂ ਵੰਡਣਾ ਪੈਣਾ ਸੀ। ਇਸ ਵਿੱਚ ਭਾਰਤੀ ਫੌਜ, ਖਜ਼ਾਨੇ ਤੋਂ ਲੈ ਕੇ ਡਾਕਖਾਨੇ ਦੀਆਂ ਟਿਕਟਾਂ ਤੱਕ ਸ਼ਾਮਲ ਸਨ।
ਹਿੰਦੁਸਤਾਨ ਦੀ ਵੰਡ ਅਤੇ ਪਾਕਿਸਤਾਨ ਦਾ ਜਨਮ
ਭਾਰਤੀ ਉਪ-ਮਹਾਂਦੀਪ ਦੀ ਹਰ ਵਸਤੂ ਨੂੰ ਵੰਡਣਾ ਪਿਆ। ਜਿਸ ਲਈ ਬਿਲਕੁਲ ਵੀ ਸਮਾਂ ਨਹੀਂ ਸੀ। ਅੰਗਰੇਜ਼ਾਂ ਦੇ ਹੱਥਾਂ ਵਿੱਚ ਸਿਰਫ਼ 73 ਦਿਨ ਸਨ। ਕੁਝ ਇਤਿਹਾਸਕਾਰਾਂ ਅਨੁਸਾਰ ਕਾਂਗਰਸ ਨੂੰ ਹਿੰਦੁਸਤਾਨ ਦੀ ਬਜਾਏ 'ਇੰਡੀਆ' ਨਾਮ ਚੰਗਾ ਲੱਗਿਆ। ਪਾਕਿਸਤਾਨ ਦੂਜੀ ਕੌਮ ਵੱਲੋਂ ਵਰਤਿਆ ਜਾਣਾ ਸੀ।
ਕੀ ਤੁਹਾਨੂੰ ਪਾਕਿਸਤਾਨ ਸ਼ਬਦ ਦੇ ਪਿੱਛੇ ਦਾ ਮਤਲਬ ਪਤਾ ਹੈ? ਇਹ ਸ਼ਬਦ ਚੌਧਰੀ ਰਹਿਮਤ ਅਲੀ ਨੇ 1930 ਦੇ ਦਹਾਕੇ ਵਿੱਚ ਤਿਆਰ ਕੀਤਾ ਸੀ, 'ਪੀ' ਦਾ ਅਰਥ ਪੰਜਾਬ, 'ਏ' ਉਪ-ਮਹਾਂਦੀਪ ਦੇ ਉੱਤਰ-ਪੱਛਮੀ ਹਿੱਸੇ ਵਿਚ ਅਫਗਾਨਾਂ ਲਈ, 'ਕੇ' ਕਸ਼ਮੀਰ ਲਈ ਅਤੇ 'ਸ' ਸਿੰਧ ਲਈ ਸੀ। ਜਿਸ ਨਾਲ PAK ਸ਼ਬਦ ਬਣਿਆ। ਉਰਦੂ ਭਾਸ਼ਾ ਵਿੱਚ ਪਾਕ ਇੱਕ ਧਾਰਮਿਕ ਸ਼ਬਦ ਹੈ, ਜਿਸਦਾ ਅਰਥ ਹੈ 'ਸ਼ੁੱਧ'। ਪਾਕਿਸਤਾਨ ਆਦਰਸ਼ਕ ਤੌਰ 'ਤੇ ਨਵੇਂ ਬਣੇ ਸ਼ਾਸਨ ਲਈ ਸਭ ਤੋਂ ਵਧੀਆ ਨਾਮ ਸੀ।
ਇਹ ਵੀ ਪੜ੍ਹੋ: "ਪਰਦੇ ਦੇ ਪਿੱਛੇ" ਦਾ ਰਾਜ਼ - ਜਦੋਂ ਮੁਸਲਿਮ ਲੀਗ ਅਤੇ ਕਾਂਗਰਸ ਨੇ ਵੰਡ ਦੀ ਯੋਜਨਾ ਲਈ ਪ੍ਰਗਟਾਈ ਸਹਿਮਤੀ
ਅੰਗਰੇਜ਼ ਭਾਰਤੀਆਂ ਨੂੰ ਵੱਡੀ ਰਕਮ ਦੇਣਦਾਰ ਸਨ। ਹੁਣ ਜੋ ਸਮੱਸਿਆ ਪੈਦਾ ਹੋਈ ਉਹ ਸੀ ਹਰੇਕ ਦੇਸ਼ ਨੂੰ ਕਿੰਨ੍ਹਾ ਹਿੱਸਾ ਮਿਲਦਾ ਹੈ?' ਬਹੁਤ ਸਾਰੇ ਮਾਮਲਿਆਂ ਵਿੱਚ ਭਾਰਤ ਨੂੰ ਵੰਡ ਦਾ 80% ਮਿਲਣਾ ਸੀ, ਜਦੋਂ ਕਿ ਪਾਕਿਸਤਾਨ ਨੂੰ ਬਾਕੀ 20% ਮਿਲਣਾ ਸੀ। ਭਾਰਤ ਵਿੱਚ 80% ਝਾੜੂ, ਸਰਕਾਰੀ ਮੇਜ਼, ਕੁਰਸੀਆਂ ਆਦਿ ਪਿੱਛੇ ਛੱਡ ਦਿੱਤੀਆਂ ਗਈਆਂ। ਇਨ੍ਹਾਂ ਵਿੱਚੋਂ 20% ਵਸਤੂਆਂ ਪਾਕਿਸਤਾਨ ਲਿਜਾਈਆਂ ਗਈਆਂ।
ਉਸ ਸਮੇਂ ਦੀ ਸਥਿਤੀ ਦੀ ਕਲਪਨਾ ਕਰੋ ਜਦੋਂ ਸਰਕਾਰੀ ਅਧਿਕਾਰੀ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਮੇਜ਼, ਕੁਰਸੀਆਂ, ਝਾੜੂਆਂ ਆਦਿ ਦੀ ਗਿਣਤੀ ਕਰਦੇ ਅਤੇ ਬਾਅਦ ਵਿੱਚ ਹੁਕਮ ਜਾਰੀ ਕੀਤਾ ਜਾਂਦਾ ਕਿ ਇਹ ਨਿਸ਼ਚਿਤ ਮਾਤਰਾ ਵਿੱਚ ਸਾਮਾਨ ਦੂਜੇ ਦੇਸ਼ ਵਿੱਚ ਲਿਜਾਇਆ ਜਾਵੇ।
ਟਾਈਪਰਾਈਟਰਾਂ, ਪੁਲਿਸ ਬੈਂਡ ਅਤੇ ਕਿਤਾਬਾਂ ਤੱਕ ਦਾ ਬਟਵਾਰਾ
ਇਸ ਕਹਾਣੀ ਦਾ ਮਜ਼ਾਕੀਆ ਹਿੱਸਾ ਇਹ ਹੈ ਕਿ ਵਿਭਾਗ ਦੇ ਮੁਖੀ ਵਧੀਆ ਟਾਈਪਰਾਈਟਰਾਂ ਨੂੰ ਲੁਕਾ ਲੈਂਦੇ। ਕਦੇ-ਕਦਾਈਂ ਟੁੱਟੇ ਹੋਏ ਫਰਨੀਚਰ ਨਾਲ ਲਿਜਾਈ ਜਾਣ ਵਾਲੀ ਸਮੱਗਰੀ ਨੂੰ ਬਦਲ ਦਿੰਦੇ। ਸਰਕਾਰੀ ਰਿਹਾਇਸ਼ਾਂ ਵਿੱਚ ਚਾਂਦੀ ਦੇ ਭਾਂਡਿਆਂ ਤੱਕ ਨੂੰ ਵੰਡਣ ਨੂੰ ਲੈ ਕੇ ਗੰਭੀਰ ਬਹਿਸ ਤੱਕ ਹੋਈ ਨਾਲ ਹੀ ਕੰਧਾਂ ਦੇ ਨਾਲ ਲਟਕਦੇ ਸੁੰਦਰ ਪੋਰਟਰੇਟ ਨੂੰ ਲੈਕੇ ਵੀ ਜਿਨਾਹ ਅਤੇ ਨਹਿਰੂ ਦੇ ਸਮਰਥਕ ਆਹਮੋ-ਸਾਹਮਣੇ ਹੋ ਜਾਂਦੇ।
ਲਾਇਬ੍ਰੇਰੀ ਵਿੱਚੋਂ ਡਿਕਸ਼ਨਰੀਆਂ ਨੂੰ ਅੱਧਾ-ਅੱਧਾ ਕਰ ਦਿੱਤਾ ਗਿਆ। ‘ਏ’ ਤੋਂ ‘ਕੇ’ ਭਾਰਤ ਵਿੱਚ ਹੀ ਰਹਿ ਗਏ, ਜਦਕਿ ਬਾਕੀ ਹਿੱਸਾ ਪਾਕਿਸਤਾਨ ਚਲਾ ਗਿਆ। ਹੁਣ ਬ੍ਰਿਟੈਨਿਕਾ ਐਨਸਾਈਕਲੋਪੀਡੀਆ ਨੂੰ ਵੰਡਿਆ ਜਾਣਾ ਸੀ। ਦੋ ਕਿਤਾਬਾਂ ਨੂੰ ਲੈ ਕੇ ਵੱਡੀ ਸਮੱਸਿਆ ਖੜ੍ਹੀ ਹੋ ਗਈ। ਕਿਸ ਕੌਮ ਕੋਲ ਵੁਦਰਿੰਗ ਹਾਈਟਸ ਅਤੇ ਐਲਿਸ ਇਨ ਵੈਂਡਰਲੈਂਡ ਜਾਣਗੇ? ਭਾਰਤ ਦੇ ਹਿੱਸੇ ਐਲਿਸ ਆਈ।
ਕੇਨਲਜ਼ ਕਲੱਬ ਦੀ ਜਾਇਦਾਦ ਭਾਰਤ ਵਿੱਚ ਹੀ ਰਹੀ ਅਤੇ ਵਾਇਸਰਾਏ ਦੀ ਆਪਣੀ ਸਫੈਦ ਰੇਲਗੱਡੀ ਪਾਕਿਸਤਾਨ ਨੂੰ ਦਿੱਤੀ ਗਈ। ਪੁਲਿਸ ਬੈਂਡ ਦੇ ਸਾਜ਼ਾਂ ਨੂੰ ਵੰਡਣਾ ਪਿਆ: ਪਾਕਿਸਤਾਨ ਨੂੰ ਬੰਸਰੀ, ਭਾਰਤ ਨੂੰ ਢੋਲ, ਫਿਰ ਪਾਕਿਸਤਾਨ ਨੂੰ ਬਿਗਲ, ਭਾਰਤ ਨੂੰ ਛੈਣਿਆਂ ਦੀ ਜੋੜੀ ਮਿਲੀ।
ਤਾਜ ਮਹਿਲ ਮੁਸਮਲਮਾਨਾਂ ਦਾ ਅਤੇ ਸਿੰਧ ਨਦੀ ਹਿੰਦੂਆਂ ਦੀ.......
ਕੁਝ ਸੰਪਤੀਆਂ ਨੂੰ ਵੰਡਿਆ ਨਹੀਂ ਜਾ ਸਕਿਆ। ਉਦਾਹਰਨ ਦੇ ਤੌਰ 'ਤੇ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਇਹ ਚੁਣਨ ਦੀ ਆਜ਼ਾਦੀ ਦਿੱਤੀ ਗਈ ਸੀ ਕਿ ਉਹ ਕਿਸ ਕੌਮ ਦੀ ਸੇਵਾ ਕਰਨਾ ਪਸੰਦ ਕਰਨਗੇ। ਪਾਕਿਸਤਾਨ ਨੇ ਤਾਜ ਮਹਿਲ ਨੂੰ ਲੈਣ ਦੀ ਮੰਗ ਕੀਤੀ। ਇਹ ਮੁਗਲਾਂ ਦੁਆਰਾ ਬਣਾਇਆ ਗਿਆ ਸੀ ਅਤੇ ਇਸ ਲਈ ਇਹ ਇੱਕ ਮੁਸਲਮਾਨ ਜਾਇਦਾਦ ਸੀ। ਭਾਰਤੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਪਵਿੱਤਰ ਸਿੰਧ ਨਦੀ ਉਨ੍ਹਾਂ ਦੀ ਹੈ ਕਿਉਂਕਿ ਉਨ੍ਹਾਂ ਦੀਆਂ ਪਵਿੱਤਰ ਪੁਸਤਕਾਂ ਉਸ ਨਦੀ ਦੇ ਕੰਢੇ ਲਿਖੀਆਂ ਗਈਆਂ ਸਨ। ਇਹੋ ਜਿਹੀਆਂ ਮੰਗਾਂ ਮੁਲਕ ਦੇ ਬਟਵਾਰੇ ਤੋਂ ਬਾਅਦ ਲੰਬੇ ਸਮੇਂ ਤੋਂ ਚੱਲਦੀਆਂ ਰਹੀਆਂ।
ਦੋਹਾਂ ਭਰਾਵਾਂ ਦਰਮਿਆਨ ਉਪਮਹਾਂਦੀਪ ਦੀ ਹਰ ਸੰਪਤੀ ਨੂੰ ਬਰਾਬਰ ਕਰਨ ਦੀ ਇੱਛਾ ਬਹੁਤ ਪ੍ਰਬਲ ਸੀ। ਕੋਈ ਵੀ ਕੀਮਤੀ ਚੀਜ਼ਾਂ ਨੂੰ ਛਡਣਾ ਨਹੀਂ ਚਾਹੁੰਦਾ ਸੀ। ਪਰ ਧਰਮ ਦੇ ਨਾਮ ਉੱਤੇ ਭੈੜੀ ਖੇਡ ਇੰਨੀ ਚੰਗੀ ਤਰ੍ਹਾਂ ਖੇਡੀ ਗਈ ਕਿ ਲੋਕ ਉਹ ਸਭ ਕੁਝ ਛੱਡਣ ਲਈ ਤਿਆਰ ਹੋ ਗਏ ਜੋ ਕਦੇ ਉਨ੍ਹਾਂ ਦਾ ਹੁੰਦਾ ਸੀ।
- PTC NEWS