ਅਜਨਾਲਾ 'ਚ 21 ਸਾਲਾਂ ਨੌਜਵਾਨ ਨੇ ਜੀਵਨਲੀਲ੍ਹਾ ਕੀਤੀ ਸਮਾਪਤ, ਪੀੜਤ ਪਰਿਵਾਰ ਨੇ ਟ੍ਰੈਵਲ ਏਜੰਟ 'ਤੇ ਲਾਏ ਦੋਸ਼
Ajnala News : ਇੱਕ ਪਾਸੇ ਜਿੱਥੇ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਸੁਨਹਿਰੀ ਭਵਿੱਖ ਦੇਖ ਕੇ ਵਿਦੇਸ਼ਾਂ ਵੱਲ ਨੂੰ ਭੱਜਦੀ ਜਾ ਰਹੀ ਹੈ, ਉੱਥੇ ਹੀ ਪੰਜਾਬ ਅੰਦਰ ਬੈਠੇ ਫਰਜ਼ੀ ਟਰੈਵਲ ਏਜੰਟ (Traval Agent Fraud) ਇਹਨਾਂ ਨੌਜਵਾਨਾਂ ਨੂੰ ਫਸਾ ਕੇ ਇਹਨਾਂ ਕੋਲੋਂ ਲੱਖਾਂ ਰੁਪਏ ਦੀ ਠੱਗੀ ਕਰ ਰਹੇ ਹਨ। ਤਾਜ਼ਾ ਮਾਮਲਾ ਅਜਨਾਲਾ ਦਾ ਹੈ ਜਿੱਥੋਂ ਦੇ 21 ਸਾਲਾਂ ਨੌਜਵਾਨ ਰਾਜਨ ਸਿੰਘ ਨੇ ਵਿਦੇਸ਼ ਜਾਣ ਲਈ ਘਰ ਗਹਿਣੇ ਪਾ ਕੇ 3 ਲੱਖ ਰੁਪਏ ਇਕੱਠੇ ਕਰਕੇ ਇੱਕ ਏਜੰਟ ਨੂੰ ਦਿੱਤੇ ਸਨ ਪਰ ਦੋ ਸਾਲ ਬੀਤ ਜਾਣ ਦੇ ਉਪਰੰਤ ਵੀ ਕੁਝ ਵੀ ਹੱਥ ਨਾ ਲੱਗਣ 'ਤੇ ਪਰੇਸ਼ਾਨ ਹੋ ਕੇ ਉਸ ਨੇ ਆਤਮਹੱਤਿਆ ਕਰ ਲਈ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਨੇ ਵਿਦੇਸ਼ ਜਾਣ ਲਈ ਘਰ ਗਹਿਣੇ ਪਾ ਕੇ 3 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਫਰਜ਼ੀ ਏਜੰਟ ਵੱਲੋਂ ਦੋ ਸਾਲ ਤੱਕ ਲਾਰਾ ਲਗਾ ਕੇ ਉਸ ਦਾ ਵਿਦੇਸ਼ ਭੇਜਣ ਦਾ ਕੋਈ ਹੀਲਾ ਨਹੀਂ ਕੀਤਾ। ਜਦੋਂ ਪੈਸੇ ਮੰਗਦੇ ਸੀ ਤਾਂ ਉਹ ਨਾ ਨੁੱਕਰ ਕਰਦੇ ਰਹੇ।
ਪੀੜਤ ਪਰਿਵਾਰ ਨੇ ਕਿਹਾ ਕਿ ਉਹ 3 ਲੱਖ ਰੁਪਏ ਘਰ ਗਹਿਣੇ ਪਾ ਕੇ ਕਰਜ਼ਾ ਲਿਆ ਸੀ, ਜਿਸ ਦਾ ਵਿਆਜ਼ ਹੁਣ ਤੱਕ ਚੁਕਾ ਰਹੇ ਹਨ। ਉਹਨਾਂ ਕਿਹਾ ਕਿ ਬੀਤੇ ਦਿਨੀ ਵੀ ਉਹ ਫਰਜ਼ੀ ਏਜੰਟ ਦੇ ਪਰਿਵਾਰ ਕੋਲੋਂ ਪੈਸੇ ਮੰਗਣ ਗਏ ਪਰ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ, ਜਿਸ ਤੋਂ ਦੁਖੀ ਹੋ ਕੇ ਰਾਜਨ ਨੇ ਜੀਵਨਲੀਲ੍ਹਾ ਸਮਾਪਤ ਕਰ ਲਈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ।
ਪੁਲਿਸ ਦਾ ਕੀ ਹੈ ਕਹਿਣਾ ?
ਇਸ ਸਬੰਧੀ ਪੁਲਿਸ ਥਾਣਾ ਅਜਨਾਲਾ ਦੇ ਮੁਖੀ ਮੁਖਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜੋ ਵੀ ਤੱਥ ਸਾਹਮਣੇ ਹੋਣਗੇ, ਉਸ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- PTC NEWS