ਲੰਡਨ: 79 ਸਾਲਾ ਸਿੱਖ ਵਿਅਕਤੀ ਨੂੰ ਆਪਣੀ ਪਤਨੀ ਦੇ ਕਤਲ ਮਾਮਲੇ 'ਚ ਯੂਕੇ ਕੋਰਟ ਨੇ ਸੁਣਾਈ ਉਮਰ ਕੈਦ ਦੀ ਸਜ਼ਾ
ਲੰਡਨ: ਇਸ ਸਾਲ ਮਈ ਵਿੱਚ ਪੂਰਬੀ ਲੰਡਨ ਵਿੱਚ 79 ਸਾਲਾ ਸਿੱਖ ਵਿਅਕਤੀ ਨੂੰ ਆਪਣੀ ਪਤਨੀ ਮਾਇਆ ਦੇਵੀ ਦੇ ਕਤਲ ਕਰਨ ਦੇ ਮਾਮਲੇ ਵਿੱਚ 15 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਬਰਤਾਨੀਆ ਦੇ ਰਹਿਣ ਵਾਲੇ 79 ਸਾਲਾ ਸਿੱਖ ਵਿਅਕਤੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਲੰਡਨ ਪੁਲਿਸ ਸਟੇਸ਼ਨ ਵਿੱਚ ਆਪਣੀ ਪਤਨੀ ਦੇ ਕਤਲ ਦੀ ਗੱਲ ਕਬੂਲਦਿਆਂ ਹੈਰਾਨ ਕਰਨ ਵਾਲਾ ਇਕਬਾਲੀਆ ਬਿਆਨ ਦਿੱਤਾ ਸੀ। ਉਸਨੇ ਬਾਅਦ ਵਿੱਚ ਇਹ ਵੀ ਕਬੂਲ ਕੀਤਾ ਸੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਉਸਨੇ ਇੰਗਲਿਸ਼ ਖੇਡ ਵਿੱਚ ਵਰਤੇ ਜਾਂਦੇ ਇੱਕ ਲੱਕੜ ਦੇ ਗੋਲਾਕਾਰ ਬੱਲੇ ਦੀ ਵਰਤੋਂ ਕੀਤੀ ਸੀ।
ਤਰਸੇਮ ਸਿੰਘ ਦੇ ਇਸ ਜ਼ੁਰਮ ਲਈ ਬੁੱਧਵਾਰ ਨੂੰ ਸਨੇਸਬਰੂਕ ਕਰਾਊਨ ਕੋਰਟ 'ਚ ਸਜ਼ਾ ਦਾ ਐਲਾਨ ਕਰ ਦਿੱਤਾ । 2 ਮਈ ਨੂੰ ਤਰਸੇਮ ਸਿੰਘ ਨੇ ਰੋਮਫੋਰਡ ਥਾਣੇ ਵਿੱਚ ਜਾ ਕੇ ਆਪਣੀ ਪਤਨੀ ਦੇ ਕਤਲ ਦੀ ਗੱਲ ਕਬੂਲੀ ਸੀ। ਜਵਾਬ ਵਿੱਚ ਅਫ਼ਸਰਾਂ ਨੇ ਦੱਸਿਆ ਕਿ ਐਲਮ ਪਾਰਕ ਵਿੱਚ ਕਾਉਡਰੇ ਵੇਅ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਜਿੱਥੇ ਉਨ੍ਹਾਂ ਨੇ ਮਾਇਆ ਦੇਵੀ ਨੂੰ ਲਿਵਿੰਗ ਰੂਮ ਦੇ ਫਰਸ਼ 'ਤੇ ਬੇਜਾਨ ਪਾਇਆ ਗਿਆ। ਉਸ ਦੇ ਨੇੜੇ ਹੀ ਇੱਕ ਲੱਕੜ ਦਾ ਗੋਲਾਕਾਰ ਬੱਲਾ ਮਿਲਿਆ ਅਤੇ ਕਾਰਪੇਟ ਅਤੇ ਨਾਲ ਲੱਗਦੀਆਂ ਕੰਧਾਂ 'ਤੇ ਖੂਨ ਦੇ ਵੱਡੇ ਧੱਬੇ ਵੀ ਦੇਖੇ ਗਏ।
ਦੁਖਦਾਈ ਤੌਰ 'ਤੇ ਮਾਇਆ ਨੂੰ ਘਟਨਾ ਸਥਾਨ 'ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ ਅਤੇ ਪੋਸਟਮਾਰਟਮ ਜਾਂਚ ਨੇ ਪੁਸ਼ਟੀ ਕੀਤੀ ਕਿ ਉਸਦੀ ਮੌਤ ਦਾ ਕਾਰਨ ਸਿਰ 'ਤੇ ਸੱਟ ਲੱਗਣਾ ਸੀ। ਤਰਸੇਮ ਸਿੰਘ ਨੂੰ ਅਗਲੇ ਹੀ ਦਿਨ ਹਿਰਾਸਤ ਲਿਆ ਗਿਆ ਸੀ।
ਦੱਸ ਦਈਏ ਕਿ ਭਾਰਤ ਨਾਲ ਸਬੰਧ ਰੱਖਦੇ ਤਰਸੇਮ ਸਿੰਘ ਅਤੇ ਮਾਇਆ ਦੇਵੀ ਆਪਣੀ ਹਾਲੀਆ ਰਿਟਾਇਰਮੈਂਟ ਤੋਂ ਪਹਿਲਾਂ ਕਈ ਸਾਲਾਂ ਤੋਂ ਆਪਣੇ ਘਰ ਦੇ ਨੇੜੇ ਪੂਰਬੀ ਲੰਡਨ ਦੇ ਰੇਨਹੈਮ ਵਿੱਚ ਇੱਕ ਡਾਕਖਾਨਾ ਚਲਾਉਂਦੇ ਸਨ। ਉਹ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਬਰਤਾਨੀਆਂ ਵਿੱਚ ਰਹਿ ਰਹੇ ਸਨ। ਉਹ ਇੱਕ ਪੁੱਤਰ ਅਤੇ ਦੋ ਧੀਆਂ ਦੇ ਮਾਪੇ ਸਨ।
- PTC NEWS