Heroin Recovered : ਭਾਰਤ-ਪਾਕਿ ਸਰਹੱਦ ਨੇੜੇ ਹੈਰੋਇਨ ਦੀ ਵੱਡੀ ਖੇਪ ਬਰਾਮਦ, 42 ਕਰੋੜ ਤੋਂ ਵੱਧ ਹੈ ਅੰਦਾਜ਼ਨ ਕੀਮਤ
Heroin Recovered : ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤ ਵੱਲ ਹੈਰਇਨ ਭੇਜਣ ਦੇ ਨਿੱਤ ਮਾਮਲੇ ਸਾਹਮਣੇ ਆਉਂਦੇ ਹਨ। ਵੀਰਵਾਰ ਵੀ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬੀਐਸਐਫ ਨੇ 8600 ਗ੍ਰਾਮ ਹੈਰੋਇਨ ਬਰਾਮਦ ਕਰਕੇ ਤਸਕਰਾਂ ਦੀ ਸਾਜਿਸ਼ ਨੂੰ ਬੇਨਕਾਬ ਕਰ ਦਿੱਤਾ। ਬੀਐਸਐਫ ਜਵਾਨਾਂ ਨੇ ਅੱਜ ਸਵੇਰੇ ਫਿਰੋਜ਼ਪੁਰ ਸਰਹੱਦ 'ਤੇ ਹੈਰੋਇਨ ਦੀ ਇੱਕ ਵੱਡੀ ਖੇਪ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।
ਜਾਣਕਾਰ ਅਨੁਸਾਰ ਬੀਐਸਐਫ ਜਵਾਨਾਂ ਨੇ ਅੱਜ ਸਵੇਰੇ ਸ਼ੱਕੀ ਖੇਤਰ ਦੀ ਪੂਰੀ ਤਲਾਸ਼ੀ ਲਈ, ਜਿਸ ਦੌਰਾਨ ਸਰਹੱਦੀ ਪਿੰਡ ਭਾਨੇਵਾਲਾ (ਜ਼ਿਲ੍ਹਾ ਫਿਰੋਜ਼ਪੁਰ) ਦੇ ਨੇੜੇ ਇੱਕ ਖੇਤ ਵਿੱਚੋਂ ਇੱਕ ਪਲਾਸਟਿਕ ਦੇ ਪੀਲੇ ਰੰਗ ਦੇ 15 ਲਿਫਾਫਿਆਂ ਦੇ ਪੈਕੇਟ ਮਿਲੇ, ਜਿਨ੍ਹਾਂ ਨੂੰ ਬੀਐਸਐਫ ਨੇ ਕਬਜ਼ੇ 'ਚ ਲੈ ਕੇ ਜਦੋਂ ਚੈਕਿੰਗ ਕੀਤੀ ਤਾਂ ਇਨ੍ਹਾਂ ਵਿਚੋਂ ਹੈਰੋਇਨ ਬਰਾਮਦ ਹੋਈ।
ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇਹ ਹੈਰੋਇਨ ਦੇ 15 ਪੈਕੇਟ (ਕੁੱਲ ਵਜ਼ਨ - 8.600 ਕਿਲੋਗ੍ਰਾਮ) ਬਰਾਮਦ ਕੀਤੇ ਗਏ। ਹਰੇਕ ਪੈਕੇਟ ਨੂੰ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਗਿਆ ਸੀ ਅਤੇ ਇਸ ਨਾਲ ਇੱਕ ਲੋਹੇ ਦਾ ਹੁੱਕ ਅਤੇ ਰੋਸ਼ਨੀ ਵਾਲਾ ਯੰਤਰ ਜੁੜਿਆ ਹੋਇਆ ਸੀ।
ਇਹ ਸਫਲਤਾ ਸਰਹੱਦੀ ਸੁਰੱਖਿਆ ਪ੍ਰਤੀ ਬੀਐਸਐਫ ਦੀ ਨਿਰੰਤਰ ਵਚਨਬੱਧਤਾ ਅਤੇ ਪਾਕਿਸਤਾਨ ਦੇ ਬਦਨਾਮ ਡਰੱਗ ਸਿੰਡੀਕੇਟ ਵੱਲੋਂ ਕੀਤੀ ਜਾਂਦੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿੱਚ ਜਵਾਨਾਂ ਦੀ ਚੌਕਸੀ ਨੂੰ ਦਰਸਾਉਂਦੀ ਹੈ।
- PTC NEWS