Plane Crash : ਅਹਿਮਦਾਬਾਦ ਜਹਾਜ਼ ਹਾਦਸੇ ਦੀ ਜਾਂਚ ਤੇਜ਼, AAIB ਨੇ ਸਿਵਲ ਏਵੀਏਸ਼ਨ ਮੰਤਰਾਲੇ ਨੂੰ ਸੌਂਪੀ ਮੁੱਢਲੀ ਰਿਪੋਰਟ
Plane Crash : ਅਹਿਮਦਾਬਾਦ 'ਚ 12 ਜੂਨ ਨੂੰ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਤੇਜ਼ ਹੋ ਗਈ ਹੈ। ਹਾਦਸੇ ਦੀ ਜਾਂਚ ਕਰ ਰਹੀ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੀ ਟੀਮ ਨੇ ਆਪਣੀ ਮੁੱਢਲੀ ਰਿਪੋਰਟ ਸਿਵਲ ਏਵੀਏਸ਼ਨ ਮੰਤਰਾਲੇ ਅਤੇ ਸਬੰਧਤ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ AI 171 ਜਹਾਜ਼ ਹਾਦਸੇ 'ਤੇ ਤਿਆਰ ਕੀਤੀ ਗਈ ਰਿਪੋਰਟ ਜਾਂਚ ਦੇ ਸ਼ੁਰੂਆਤੀ ਨਤੀਜਿਆਂ 'ਤੇ ਅਧਾਰਤ ਹੈ।
ਹਾਦਸੇ ਦੀ ਜਾਂਚ ਕਰ ਰਿਹਾ ਹੈ AAIB
ਅਹਿਮਦਾਬਾਦ ਜਹਾਜ਼ ਹਾਦਸੇ ਦੀ ਜਾਂਚ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੂੰ ਸੌਂਪ ਦਿੱਤੀ ਗਈ ਹੈ। AAIB ਨੇ ਜਾਂਚ ਲਈ ਇੱਕ ਬਹੁ-ਅਨੁਸ਼ਾਸਨੀ ਟੀਮ ਬਣਾਈ ਹੈ। ਅੰਤਰਰਾਸ਼ਟਰੀ ਪ੍ਰੋਟੋਕੋਲ ਅਨੁਸਾਰ ਬਣਾਈ ਗਈ ਟੀਮ ਦੀ ਅਗਵਾਈ DG AAIB ਕਰ ਰਹੇ ਹਨ। ਇਸ ਮਾਮਲੇ ਵਿੱਚ ਬਲੈਕ ਬਾਕਸ ਅਤੇ ਹੈਂਡਲਿੰਗ ਕਾਕਪਿਟ ਵੌਇਸ ਰਿਕਾਰਡਰ (CVR) ਅਤੇ ਫਲਾਈਟ ਡੇਟਾ ਰਿਕਾਰਡਰ (FDR) ਦੋਵੇਂ ਬਰਾਮਦ ਕਰ ਲਏ ਗਏ ਹਨ। 13 ਜੂਨ 2025 ਨੂੰ ਹਾਦਸੇ ਵਾਲੀ ਥਾਂ 'ਤੇ ਇਮਾਰਤ ਦੀ ਛੱਤ ਤੋਂ ਸੀਵੀਆਰ ਬਰਾਮਦ ਕੀਤਾ ਗਿਆ ਸੀ। ਓਥੇ ਐਫਡੀਆਰ ਨੂੰ 16 ਜੂਨ 2025 ਨੂੰ ਮਲਬੇ ਤੋਂ ਬਰਾਮਦ ਕੀਤਾ ਗਿਆ। ਉਨ੍ਹਾਂ ਦੇ ਸੁਰੱਖਿਅਤ ਸੰਚਾਲਨ, ਸਟੋਰੇਜ ਅਤੇ ਆਵਾਜਾਈ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਨਿਰਧਾਰਤ ਕੀਤੀਆਂ ਗਈਆਂ ਸਨ। ਹੁਣ ਏਏਆਈਬੀ ਨੇ ਆਪਣੀ ਮੁੱਢਲੀ ਰਿਪੋਰਟ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਸੌਂਪ ਦਿੱਤੀ ਹੈ।
270 ਯਾਤਰੀਆਂ ਦੀ ਹੋਈ ਸੀ ਮੌਤ
12 ਜੂਨ ਨੂੰ ਏਅਰ ਇੰਡੀਆ ਦਾ ਏਆਈ-171 ਜਹਾਜ਼ ਕੁੱਲ 242 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਲੰਡਨ ਜਾ ਰਿਹਾ ਸੀ, ਜੋ ਅਹਿਮਦਾਬਾਦ ਦੇ ਇੱਕ ਮੈਡੀਕਲ ਕਾਲਜ ਕੈਂਪਸ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਇੱਕ ਵਿਅਕਤੀ ਨੂੰ ਛੱਡ ਕੇ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਮਾਰੇ ਗਏ ਸਨ ਅਤੇ ਜ਼ਮੀਨ 'ਤੇ ਲਗਭਗ 29 ਹੋਰ ਲੋਕ ਮਾਰੇ ਗਏ ਸਨ।
ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ 270 ਲੋਕਾਂ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ ਡੀਐਨਏ ਰਾਹੀਂ 215 ਮ੍ਰਿਤਕਾਂ ਦੀ ਪਛਾਣ ਕੀਤੀ ਗਈ ਹੈ। 198 ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਅਹਿਮਦਾਬਾਦ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਕੇਸ਼ ਜੋਸ਼ੀ ਨੇ ਕਿਹਾ ਕਿ ਸੌਂਪੀਆਂ ਗਈਆਂ 198 ਲਾਸ਼ਾਂ ਵਿੱਚੋਂ 149 ਭਾਰਤੀ, 32 ਬ੍ਰਿਟਿਸ਼, ਸੱਤ ਪੁਰਤਗਾਲੀ ਅਤੇ ਇੱਕ ਕੈਨੇਡੀਅਨ ਨਾਗਰਿਕ ਹਨ। 198 ਲਾਸ਼ਾਂ ਵਿੱਚ 7 ਲੋਕਾਂ ਦੀਆਂ ਲਾਸ਼ਾਂ ਵੀ ਸ਼ਾਮਲ ਹਨ ,ਜਿਨ੍ਹਾਂ ਦੀ ਜ਼ਮੀਨ 'ਤੇ ਮੌਤ ਹੋ ਗਈ ਸੀ।
- PTC NEWS