AAP ਨੇ ਮੋਗਾ ਦੇ ਮੇਅਰ ਨੂੰ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਕਾਰਨ ਪਾਰਟੀ 'ਚੋਂ ਕੱਢਿਆ
AAP Expels Moga Mayor : ਆਮ ਆਦਮੀ ਪਾਰਟੀ ਨੇ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਨੂੰ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਚੱਲਦਿਆਂ ਪਾਰਟੀ ਵਿੱਚੋਂ ਬਾਹਰ ਕੱਢਿਆ ਹੈ। ਉਨ੍ਹਾਂ ਨੂੰ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਵੀ ਕਿਹਾ ਗਿਆ ਹੈ। ਆਰੋਪ ਹੈ ਕਿ ਮੇਅਰ ਨੇ ਇੱਕ ਔਰਤ ਨੂੰ ਅਪਰਾਧਿਕ ਮਾਮਲੇ ਤੋਂ ਬਚਾਉਣ ਦੇ ਬਦਲੇ ਪੈਸੇ ਲਏ ਸਨ, ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਅਤੇ ਪਾਰਟੀ ਨੇ ਕਾਰਵਾਈ ਕੀਤੀ।
ਜਾਣਕਾਰੀ ਅਨੁਸਾਰ ਮੇਅਰ ਦੇ ਨਸ਼ਾ ਤਸਕਰਾਂ ਨਾਲ ਨਜ਼ਦੀਕੀ ਅਤੇ ਸਹਿਯੋਗ ਦੇ ਪੱਕੇ ਸਬੂਤ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇਹ ਕੜੀ ਕਾਰਵਾਈ ਕੀਤੀ ਗਈ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਬਿਆਨ ਦਿੰਦਿਆਂ ਕਿਹਾ ਕਿ ਮੇਅਰ ਬਲਜੀਤ ਸਿੰਘ ਚਾਨੀ ਦੇ ਡਰੱਗ ਤਸਕਰਾਂ ਨਾਲ ਲਿੰਕ ਹੋਣ ਕਾਰਨ ਪਾਰਟੀ ’ਚੋਂ ਕੱਢਿਆ ਗਿਆ ਹੈ। ਹਾਲਾਂਕਿ ਅਧਿਕਾਰਿਕ ਤੌਰ 'ਤੇ ਅਸਤੀਫ਼ੇ ਦੇ ਕਾਰਨਾਂ ਬਾਰੇ ਮੇਅਰ ਚਾਨੀ ਦਾ ਕੋਈ ਬਿਆਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਉਹ ਪੰਜਾਬ ਵਿੱਚ ਆਪ ਦੇ ਪਹਿਲੇ ਮੇਅਰ ਸਨ
ਬਲਜੀਤ ਸਿੰਘ ਚਾਨੀ 21 ਅਗਸਤ 2023 ਨੂੰ ਮੋਗਾ ਨਗਰ ਨਿਗਮ ਦੇ ਮੇਅਰ ਵਜੋਂ ਬਿਨਾਂ ਵਿਰੋਧ ਚੁਣੇ ਗਏ ਸਨ। ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਪਹਿਲੇ ਮੇਅਰ ਬਣੇ ਸਨ। ਇਸ ਤੋਂ ਪਹਿਲਾਂ 5 ਜੁਲਾਈ, 2023 ਨੂੰ ਤਤਕਾਲੀ ਕਾਂਗਰਸ ਦੀ ਮੇਅਰ ਨੀਤਿਕਾ ਭੱਲਾ ਵਿਰੁੱਧ ਇੱਕ ਅਵਿਸ਼ਵਾਸ ਮਤਾ ਪਾਸ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਲਜੀਤ ਸਿੰਘ ਚਾਨੀ ਨੂੰ ਕੌਂਸਲਰਾਂ ਦੇ ਸਮਰਥਨ ਨਾਲ ਚੁਣਿਆ ਗਿਆ ਸੀ।
ਬਲਜੀਤ ਸਿੰਘ ਚਾਨੀ ਨੂੰ ਮੋਗਾ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ 50 ਵਿੱਚੋਂ 42 ਕੌਂਸਲਰਾਂ ਦੀ ਮੌਜੂਦਗੀ ਵਿੱਚ ਚੁਣਿਆ ਗਿਆ ਸੀ। ਇਸ ਵਿੱਚ 'ਆਪ' ਦੇ 32 ਕੌਂਸਲਰਾਂ ਅਤੇ ਹੋਰ ਪਾਰਟੀਆਂ ਦੇ 10 ਕੌਂਸਲਰਾਂ ਦਾ ਸਮਰਥਨ ਸ਼ਾਮਲ ਸੀ।

- PTC NEWS