ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ! MLA ਕੁੰਵਰ ਵਿਜੇ ਪ੍ਰਤਾਪ ਨੇ ਦਿੱਤਾ ਅਸਤੀਫ਼ਾ
MLA Kunwar Vijay Pratap : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (AAP) ਨੂੰ ਝਟਕੇ ਤੇ ਝਟਕਾ ਲੱਗਦਾ ਜਾ ਰਿਹਾ ਹੈ। ਅਜੇ ਦੋ ਵਿਧਾਇਕਾਂ ਦੇ ਪਾਰਟੀ ਛੱਡਣ ਨੂੰ ਇੱਕ ਦਿਨ ਨਹੀਂ ਲੰਘਿਆ ਸੀ ਕਿ ਹੁਣ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਵਿਧਾਨ ਸਭਾ ਮੈਂਬਰਸ਼ਿਪ (Punjab Vidhan Sabha) ਤੋਂ ਅਸਤੀਫਾ ਸਪੀਕਰ ਨੂੰ ਭੇਜ ਦਿੱਤਾ ਹੈ।
ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਅਸਤੀਫੇ ਬਾਰੇ ਸੋਸ਼ਲ ਮੀਡੀਆ ਐਕਸ 'ਤੇ ਵੀ ਜਾਣਕਾਰੀ ਸਾਂਝੀ ਕੀਤੀ। ਪੋਸਟ 'ਚ ਉਨ੍ਹਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਆਖ਼ਰੀ ਸਾਹ ਤੱਕ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਹੁਣ ਗਲੀ-ਨਾਲੀ ਅਤੇ ਰਿਬਨ-ਕਟਿੰਗ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਨਸ਼ਾ, ਫਿਰੌਤੀ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਤੋਂ ਜਕੜੇ ਪੰਜਾਬ ਨੂੰ ਮੁੜ ਉੱਨਤਸ਼ੀਲ ਅਤੇ ਮੋਹਰੀ ਸੂਬਾ ਬਣਾਉਣ ਲਈ ਇਕਜੁਟ ਹੋ ਕੇ ਕੰਮ ਕਰਨ ਦੀ ਲੋੜ ਹੈ।
ਮੈਂ ਆਪਣੇ 90 ਫ਼ੀਸਦੀ ਟੀਚੇ ਪੂਰੇ ਕੀਤੇ : ਵਿਜੈ ਪ੍ਰਤਾਪ (AAP MLA Resignation)
ਕੁੰਵਰ ਵਿਜੈ ਪ੍ਰਤਾਪ ਨੇ ਦਾਅਵਾ ਕੀਤਾ ਕਿ ਵਿਧਾਇਕ ਵਜੋਂ ਉਨ੍ਹਾਂ ਨੇ ਆਪਣੇ 90 ਫੀਸਦੀ ਟੀਚੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਾਣੀ, ਸੀਵਰੇਜ, ਸਰਕਟ ਹਾਊਸ, ਕੰਪਨੀ ਬਾਗ, ਗੰਦਾ ਨਾਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਰਕਾਰੀ ਮੈਡੀਕਲ ਕਾਲਜ, ਸਰੂਪ ਰਾਣੀ ਕਾਲਜ ਅਤੇ ਬਰਗਾੜੀ ਬੇਅਦਬੀ ਸਮੇਤ ਅੰਮ੍ਰਿਤਸਰ ਨਾਲ ਸਬੰਧਤ ਮੁੱਦੇ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਬੇਬਾਕੀ ਨਾਲ ਉਠਾਏ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕੋ-ਇਕ ਮਕਸਦ “ਪੰਜਾਬ ਫਸਟ” ਹੈ ਅਤੇ ਅੱਗੇ ਸਾਫ਼-ਸੁਥਰੀ ਰਾਜਨੀਤੀ ਤੇ ਸਵੱਛ ਪ੍ਰਸ਼ਾਸਨ ਲਈ ਕੰਮ ਕਰਨਾ ਉਨ੍ਹਾਂ ਦਾ ਉਦੇਸ਼ ਰਹੇਗਾ।
ਕੇਜਰੀਵਾਲ ਤੇ ਭਗਵੰਤ ਮਾਨ 'ਤੇ ਲਾਏ ਸਨ ਇਲਜ਼ਾਮ
ਦੱਸ ਦਈਏ ਕਿ ਐਤਵਾਰ ਨੂੰ ਵੀ ਵਿਜੈ ਪ੍ਰਤਾਪ ਨੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿੰਦਾ ਕਰਦੇ ਹੋਏ ਦੋਸ਼ ਲਗਾਇਆ ਕਿ ਪਾਰਟੀ ਆਪਣੇ ਸੰਸਥਾਪਕ ਆਦਰਸ਼ਾਂ ਤੋਂ ਭਟਕ ਗਈ ਹੈ।
ਅੰਮ੍ਰਿਤਸਰ ਉੱਤਰੀ ਦੇ ਵਿਧਾਇਕ (Amritsar North MLA Resignation) ਨੇ ਜੋੜੇਮਾਜਰਾ ਤੇ ਪਠਾਨਮਾਜਰਾ ਦੇ ਅਸਤੀਫਿਆਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਸਵਰਾਜ ਦੇ ਸਿਧਾਂਤਾਂ 'ਤੇ ਸਥਾਪਿਤ ਪਾਰਟੀ, ਮਾਨ ਅਤੇ ਕੇਜਰੀਵਾਲ ਦੀ ਸਾਂਝੀ ਸਰਕਾਰ ਅਧੀਨ ਆਪਣੇ ਮੂਲ ਵਿਚਾਰਧਾਰਕ ਦ੍ਰਿਸ਼ਟੀਕੋਣ ਦੇ ਪਰਛਾਵੇਂ ਵਿੱਚ ਸਿਮਟ ਗਈ ਹੈ।

ਸਾਬਕਾ ਆਈਪੀਐਸ ਅਧਿਕਾਰੀ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਵੀ ਚਿੰਤਾ ਪ੍ਰਗਟ ਕੀਤੀ, ਦੋਸ਼ ਲਗਾਇਆ ਕਿ ਸੂਬੇ ਵਿੱਚ ਅਪਰਾਧ, ਨਸ਼ੇ, ਜਬਰੀ ਵਸੂਲੀ ਅਤੇ ਗੈਂਗਸਟਰਵਾਦ ਬਹੁਤ ਜ਼ਿਆਦਾ ਹੈ। ਉਨ੍ਹਾਂ ਇਲਜ਼ਾਮ ਲਾਇਆ ਸੀ ਕਿ, "ਉਹ ਗੈਂਗਸਟਰ, ਜਿਨ੍ਹਾਂ ਵਿਰੁੱਧ ਮੈਂ ਅਜੇ ਵੀ ਪੁਲਿਸ ਅਧਿਕਾਰੀ ਵਜੋਂ ਅਦਾਲਤਾਂ ਵਿੱਚ ਗਵਾਹੀ ਦੇਣ ਜਾ ਰਿਹਾ ਹਾਂ, ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਰਕਾਰ ਜਾਂ ਪਾਰਟੀ ਦਾ ਮਹੱਤਵਪੂਰਨ ਹਿੱਸਾ ਬਣ ਰਹੇ ਹਨ।"
ਐਤਵਾਰ ਨੂੰ ਚੇਤਨ ਜੋੜੇਮਾਜਰਾ ਤੇ ਹਰਮੀਤ ਪਠਾਨਮਾਜਰਾ ਨੇ ਦਿੱਤਾ ਸੀ ਅਸਤੀਫਾ
ਕੁੰਵਰ ਵਿਜੇ ਪ੍ਰਤਾਪ ਵੱਲੋਂ ਪੰਜਾਬ ਵਿਧਾਨ ਸਭਾ ਤੋਂ ਅਸਤੀਫੇ ਦੀ ਕਾਰਵਾਈ ਉਸ ਸਮੇਂ ਆਈ ਹੈ ਜਦੋਂ ਬੀਤੇ ਦਿਨ ਐਤਵਾਰ ਨੂੰ 'ਆਪ' ਦੇ ਦੋ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਸਮਾਣਾ ਤੋਂ ਚੇਤਨ ਸਿੰਘ ਜੋੜੇਮਾਜਰਾ ਅਤੇ ਸਨੌਰ ਤੋਂ ਹਰਮੀਤ ਸਿੰਘ ਪਠਾਨਮਾਜਰਾ ਨੇ ਅਸਤੀਫੇ ਪਿੱਛੋਂ ਪਾਰਟੀ 'ਤੇ ਨਸ਼ੇ ਨੂੰ ਵਧਾਉਣ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਬੁਰੀ ਤਰ੍ਹਾਂ ਖਰਾਬ ਕਰਨ ਦੇ ਇਲਜ਼ਾਮ ਲਾਏ ਸਨ।
ਇਹ ਵੀ ਪੜ੍ਹੋ...
ਪੰਚਕੂਲਾ ਸਕੂਲ ਦੀ ਘਟਨਾ ਨਾਲ ਮਾਪਿਆਂ 'ਚ ਵਧੀ ਚਿੰਤਾ, ਬੱਚਿਆਂ 'ਚ ਗੁੱਸੇ ਤੇ ਹਿੰਸਾ ਦੇ ਕੀ ਹਨ 3 ਵੱਡੇ ਕਾਰਨ ?
- PTC NEWS