AAP Corrupt Leaders Defeat : ਕੇਜਰੀਵਾਲ, ਸਿਸੋਦੀਆ, ਸਤੇਂਦਰ ਜੈਨ ਸਣੇ ਜੇਲ੍ਹ ਜਾਣ ਵਾਲੇ ਕਈ 'ਆਪ' ਆਗੂਆਂ ਨੂੰ ਮਿਲੀ ਕਰਾਰੀ ਹਾਰ
AAP Corrupt Leaders Defeat : ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਨੇ ਆਪਣੀ ਲੀਡ ਬਣਾਈ ਰੱਖੀ ਹੈ, ਜਦਕਿ ਆਮ ਆਦਮੀ ਪਾਰਟੀ ਨੂੰ ਇਸ ਵਾਰ ਝਟਕਾ ਲੱਗਦਾ ਜਾ ਰਿਹਾ ਹੈ।
ਚੋਣ ਨਤੀਜਿਆਂ ਵਿੱਚ ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਕੁਮਾਰ ਜੈਨ ਚੋਣਾਂ ਹਾਰ ਗਏ ਹਨ। ਇਨ੍ਹਾਂ ਸਾਰੇ ਆਗੂਆਂ 'ਤੇ ਗੰਭੀਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ ਅਤੇ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਜਿਸ ਤੋਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੋ ਆਮ ਆਦਮੀ ਪਾਰਟੀ ਦੇ ਆਗੂ ਜੇਲ੍ਹ ਗਏ ਉਹ ਹਾਰ ਗਏ।
ਹੁਣ ਤੱਕ ਆਏ ਚੋਣ ਨਤੀਜਿਆਂ ਅਨੁਸਾਰ ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ, ਮਾਲਵੀਆ ਨਗਰ ਸੀਟ ਤੋਂ ਸੋਮਨਾਥ ਭਾਰਤੀ ਅਤੇ ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਸਾਰੇ ਆਗੂ ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਹਨ। ਹਾਲਾਂਕਿ, ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ਉਮੀਦਵਾਰ ਰਮੇਸ਼ ਵਿਧੁਰੀ ਨੂੰ ਬਹੁਤ ਘੱਟ ਫਰਕ ਨਾਲ ਹਰਾਇਆ ਹੈ।
'ਆਪ' ਦੇ ਵੱਡੇ ਆਗੂ ਹਾਰੇ
ਜਿਸ ਮੁੱਦੇ 'ਤੇ ਭਾਜਪਾ ਨੇ ਪੂਰੀ ਦਿੱਲੀ ਚੋਣ ਲੜੀ ਸੀ, ਉਸਦਾ ਨਤੀਜਾ ਹੁਣ ਦਿਖਾਈ ਦੇ ਰਿਹਾ ਹੈ। ਜਨਤਾ ਨੇ ਭ੍ਰਿਸ਼ਟਾਚਾਰ ਅਤੇ ਮੁਫ਼ਤ ਯੋਜਨਾਵਾਂ ਦੇ ਇਲਜ਼ਾਮਾਂ ਦਾ ਢੁਕਵਾਂ ਜਵਾਬ ਦਿੱਤਾ ਹੈ। ਇਸ ਚੋਣ ਵਿੱਚ, ਭਾਜਪਾ ਨੇ ਸ਼ਰਾਬ ਘੁਟਾਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ 'ਤੇ ਬਹੁਤ ਹਮਲਾ ਕੀਤਾ ਸੀ। ਮਨੀਸ਼ ਸਿਸੋਦੀਆ ਨੇ ਆਪਣੀ ਪਟਪੜਗੰਜ ਸੀਟ ਛੱਡ ਕੇ ਜੰਗਪੁਰਾ ਤੋਂ ਚੋਣ ਲੜੀ ਪਰ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ। ਮਨੀਸ਼ ਸਿਸੋਦੀਆ ਨੂੰ ਭਾਜਪਾ ਉਮੀਦਵਾਰ ਤਰਵਿੰਦਰ ਮਾਰਵਾਹ ਨੇ ਹਰਾਇਆ ਹੈ।
ਪਿਛਲੀਆਂ ਚੋਣਾਂ ਵਿੱਚ 'ਆਪ' ਨੇ 62 ਸੀਟਾਂ ਜਿੱਤੀਆਂ
ਅੰਨਾ ਅੰਦੋਲਨ ਤੋਂ ਆਗੂ ਵਜੋਂ ਉੱਭਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ 2015 ਵਿੱਚ 67 ਸੀਟਾਂ ਜਿੱਤ ਕੇ ਸਰਕਾਰ ਬਣਾਈ ਅਤੇ 2020 ਵਿੱਚ 62 ਸੀਟਾਂ ਜਿੱਤ ਕੇ ਸੱਤਾ ਵਿੱਚ ਸ਼ਾਨਦਾਰ ਵਾਪਸੀ ਕੀਤੀ। ਇਸ ਤੋਂ ਪਹਿਲਾਂ, 2013 ਵਿੱਚ ਆਪਣੀ ਪਹਿਲੀ ਚੋਣ ਵਿੱਚ, 'ਆਪ' ਨੇ 31 ਸੀਟਾਂ ਜਿੱਤੀਆਂ ਸਨ ਪਰ ਇਹ ਸੱਤਾ ਤੋਂ ਦੂਰ ਰਹੀ। ਬਾਅਦ ਵਿੱਚ, ਕਾਂਗਰਸ ਦੇ ਸਮਰਥਨ ਨਾਲ, ਕੇਜਰੀਵਾਲ ਪਹਿਲੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ।
- PTC NEWS