AAP ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਫਰਾਰ ਹੋਣ ਤੋਂ ਬਾਅਦ ਨਵਾਂ ਵੀਡੀਓ , ਕਿਹਾ- ਮੇਰੀ ਪਤਨੀ ਨੂੰ ਹਾਊਸ ਅਰੈਸਟ ਕਰ ਰੱਖਿਆ
AAP MLA Harmeet Singh Pathanmajra News : ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਫਰਾਰ ਹੋਣ ਤੋਂ ਤਿੰਨ ਹਫ਼ਤਿਆਂ ਬਾਅਦ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਠਾਨਮਾਜਰਾ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਮੁਅੱਤਲ ਕਰ ਦਿੱਤੇ ਗਏ ਹਨ। ਇਸ ਦੇ ਬਾਵਜੂਦ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
ਇਸ ਵੀਡੀਓ ਵਿੱਚ ਪਠਾਨਮਾਜਰਾ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬ ਲਈ ਖੜ੍ਹੇ ਹੋਣ ਦੀ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਪਰਿਵਾਰ ਅਤੇ ਬੱਚਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਪਤਨੀ ਦੀ ਸਰਜਰੀ ਹੋਈ ਹੈ ਅਤੇ ਉਸਨੂੰ ਹਾਊਸ ਅਰੈਸਟ ਕਰ ਰੱਖਿਆ ਹੈ। ਪਠਾਨਮਾਜਰਾ ਨੇ ਸਰਕਾਰ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਪਤਨੀ ਨੂੰ ਕੁਝ ਹੋਇਆ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ। ਹਾਲਾਂਕਿ ਪੀਟੀਸੀ ਨਿਊਜ਼ ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ ਹੈ।
ਪਠਾਨ ਮਾਜਰਾ ਨੇ ਵੀਡੀਓ ਵਿੱਚ ਕਿਹਾ, "ਮੇਰਾ ਵੀਡੀਓ ਪਾਉਣ ਦਾ ਮਨ ਨਹੀਂ ਕਰਦਾ ਸੀ ਪਰ ਮੇਰੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪੰਜਾਬ, ਪੰਜਾਬ ਦੇ ਪਾਣੀ ਅਤੇ ਹੜ੍ਹ ਬਾਰੇ ਗੱਲ ਕਰਨ ਵਿੱਚ ਮੇਰਾ ਕੀ ਕਸੂਰ ਹੈ? ਸਾਡਾ ਪੂਰਾ ਪੰਜਾਬ ਹੜ੍ਹ ਵਿੱਚ ਰੁੜ੍ਹ ਗਿਆ। ਇਸ ਲਈ ਕ੍ਰਿਸ਼ਨ ਕੁਮਾਰ ਜ਼ਿੰਮੇਵਾਰ ਹਨ। ਸਾਡੇ ਹਲਕੇ 'ਚ ਵੀ ਪਾਣੀ ਆਉਂਦਾ ਹੈ। ਉੱਥੇ ਵੀ ਜੋ ਲੋਕ ਮਰੇ ਹਨ ,ਉਹ ਵੀ ਕ੍ਰਿਸ਼ਨ ਕੁਮਾਰ ਕਾਰਨ ਹੀ ਮਰੇ ਹਨ।
ਆਪ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਰੁੱਧ 3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ 'ਤੇ ਇੱਕ ਔਰਤ ਨੂੰ ਸਰਕਾਰੀ ਨੌਕਰੀਆਂ ਅਤੇ ਸਕੀਮਾਂ ਦਾ ਵਾਅਦਾ ਕਰਕੇ ਲੱਖਾਂ ਰੁਪਏ ਦੀ ਫਿਰੌਤੀ ਲੈਣ ਅਤੇ ਫਿਰ ਤਲਾਕਸ਼ੁਦਾ ਹੋਣ ਦਾ ਦਾਅਵਾ ਕਰਕੇ ਧੋਖਾ ਦੇਣ ਦਾ ਆਰੋਪ ਸੀ।
ਕੀ ਹੈ ਪੂਰਾ ਮਾਮਲਾ ?
ਸਨੌਰ ਤੋਂ AAP ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ 'ਤੇ ਇੱਕ ਔਰਤ ਨਾਲ ਬਲਾਤਕਾਰ ਦਾ ਆਰੋਪ ਹੈ ਅਤੇ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ। ਆਰੋਪ ਹੈ ਕਿ ਜਦੋਂ ਮੰਗਲਵਾਰ (2 ਸਤੰਬਰ) ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਥਾਨਕ ਪੁਲਿਸ ਸਟੇਸ਼ਨ ਲਿਜਾਇਆ ਜਾ ਰਿਹਾ ਸੀ ਤਾਂ ਪਠਾਨਮਾਜਰਾ ਅਤੇ ਉਸ ਦੇ ਸਾਥੀਆਂ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ। ਗੋਲੀਬਾਰੀ ਦੀ ਘਟਨਾ ਵਿੱਚ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਸਮਰਥਕ ਇੱਕ ਸਕਾਰਪੀਓ ਅਤੇ ਇੱਕ ਫਾਰਚੂਨਰ ਵਿੱਚ ਭੱਜ ਗਏ। ਪੁਲਿਸ ਨੇ ਫਾਰਚੂਨਰ ਕਾਰ ਨੂੰ ਜ਼ਬਤ ਕਰ ਲਿਆ। ਸਕਾਰਪੀਓ ਵਿੱਚ ਸਵਾਰ ਵਿਧਾਇਕ ਫਰਾਰ ਹੈ। ਪੰਜਾਬ ਪੁਲਿਸ ਦੀ ਇੱਕ ਟੀਮ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।
- PTC NEWS