Mohali News : AAP ਵਿਧਾਇਕ ਕੁਲਵੰਤ ਸਿੰਘ ਖਿਲਾਫ਼ 150 ਕਰੋੜ ਦੀ ਧੋਖਾਧੜੀ ਦਾ ਪਰਚਾ ਦਰਜ, ਜਾਣੋ ਮਾਮਲਾ
Mohali News : ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਖਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਵਿਧਾਇਕ ਖਿਲਾਫ਼ 150 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਮਾਮਲਾ MGF ਬਿਲਡਰਜ਼ ਕੰਪਨੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਕੰਪਨੀ ਦਾ ਆਰੋਪ ਹੈ ਕਿ ਵਿਧਾਇਕ ਕੁਲਵੰਤ ਸਿੰਘ ਦੀ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ ਵੱਲੋਂ ਕੰਪਨੀ ਐਮਜੀਐਫ (MGF) ਦੀ ਜ਼ਮੀਨ 'ਤੇ ਪ੍ਰਾਜੈਕਟ ਤਿਆਰ ਕੀਤਾ ਸੀ ਪਰ ਸਮਝੌਤੇ ਅਨੁਸਾਰ ਭੁਗਤਾਨ ਨਹੀਂ ਕੀਤਾ ਗਿਆ।
ਐਮਐਫਜੀ ਕੰਪਨੀ ਨੇ ਅਦਾਲਤ 'ਚ ਪਟੀਸ਼ਨ ਦਾਖਲ ਕੀਤੀ ਸੀ ਅਤੇ ਆਰੋਪ ਲਾਇਆ ਸੀ ਕਿ ਵਿਧਾਇਕ ਕੁਲਵੰਤ ਸਿੰਘ ਦੀ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ ਨੇ ਐੱਮਜੀਐੱਫ ਦੀ ਜ਼ਮੀਨ 'ਤੇ ਪ੍ਰਾਜੈਕਟ ਤਿਆਰ ਕੀਤਾ ਸੀ ਪਰ ਸਮਝੌਤੇ ਅਨੁਸਾਰ ਭੁਗਤਾਨ ਨਹੀਂ ਕੀਤਾ ਗਿਆ। ਇਸ ਪਟੀਸ਼ਨ 'ਤੇ ਅਦਾਲਤ ਨੇ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਪੁਲਿਸ ਨੇ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਰੀਅਲ ਅਸਟੇਟ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ (JLPL) ਖ਼ਿਲਾਫ਼ ਡੀਐੱਲਐੱਫ ਫੇਜ਼ 2 ਥਾਣੇ ਵਿੱਚ ਅਦਾਲਤ ਦੇ ਹੁਕਮਾਂ ’ਤੇ 150 ਕਰੋੜ ਰੁਪਏ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਕੰਪਨੀ ਵੱਲੋਂ ਅਦਾਲਤ 'ਚ ਦਾਖਲ ਪਟੀਸ਼ਨ 'ਚ ਕਿਹਾ ਗਿਆ ਕਿ ਅਕਤੂਬਰ 2018 ਵਿੱਚ ਉਸ ਦਾ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ ਨਾਲ ਸਮਝੌਤਾ ਹੋਇਆ ਸੀ, ਜਿਸ ਤਹਿਤ ਮੁਹਾਲੀ ਦੇ ਸੈਕਟਰ 94 ਵਿੱਚ 117 ਏਕੜ ਜ਼ਮੀਨ ਵਿੱਚੋਂ ਐਮਜੀਐਫ ਦੀ 58 ਏਕੜ ਜ਼ਮੀਨ ਅਤੇ ਜਨਤਾ ਲੈਂਡ ਪ੍ਰਮੋਟਰਜ਼ ਕੰਪਨੀ ਦੀ 59 ਏਕੜ ਜ਼ਮੀਨ ਉਪਰ ਪ੍ਰਾਜੈਕਟ ਤਿਆਰ ਕਰਨ ਜ਼ਿੰਮੇਵਾਰੀ ਕੰਪਨੀ ਨੂੰ ਦਿੱਤੀ ਗਈ ਸੀ।
ਸ਼ਿਕਾਇਤ ਵਿੱਚ ਦੱਸਿਆ ਕਿ JLPL ਨੂੰ ਵਿਕਸਤ ਖੇਤਰ ਵੇਚਣ ਲਈ ਵੀ ਅਧਿਕਾਰਤ ਕੀਤਾ ਗਿਆ ਸੀ, ਜਿਸ ਤਹਿਤ ਸਮਝੌਤੇ ਦੇ ਆਧਾਰ 'ਤੇ ਐਮਜੀਐਫ ਨੂੰ ਕੁੱਲ 180 ਕਰੋੜ, 41 ਲੱਖ, 98 ਹਜ਼ਾਰ ਰੁਪਏ ਦਿੱਤੇ ਜਾਣੇ ਸਨ। ਪਰ ਜੇਐਲਪੀਪੀਐਲ ਨੇ ਜ਼ਮੀਨ ਦੇ ਸਮਝੌਤੇ ਦੇ ਜਾਅਲੀ ਕਾਗਜ਼ਾਤ ਬਣਾਏ ਹਨ ਅਤੇ ਸਿਰਫ 24 ਕਰੋੜ 10 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ। ਇਸ ਤੋਂ ਬਾਅਦ ਕੋਈ ਪੈਸਾ ਨਹੀਂ ਦਿੱਤਾ ਗਿਆ।
ਕੰਪਨੀ ਨੇ ਅਦਾਲਤ ਨੂੰ ਅਰਜ਼ੀ 'ਚ ਸਮਝੌਤੇ ਅਨੁਸਾਰ ਪੈਸੇ ਨਾ ਦੇਣ ਅਤੇ ਧੋਖੇ ਨਾਲ ਜ਼ਮੀਨ ਹੜੱਪਣ ਦਾ ਆਰੋਪ ਲਾਇਆ ਸੀ।
- PTC NEWS