Abohar News : ਦਹੇਜ ਦੇ ਲੋਭੀ ਸਹੁਰਿਆਂ ਨੇ ਡਾਕਟਰ ਨੂੰਹ ਨੂੰ ਸਵਾ ਸਾਲ ਦੀ ਬੱਚੀ ਨਾਲ ਘਰੋਂ ਕੱਢਿਆ ਬਾਹਰ, ਪਹੁੰਚੀ ਪੁਲਿਸ
Abohar News : ਅਬੋਹਰ ਦੇ ਇਕ ਉਦਯੋਗਪਤੀ ਦੀ ਡਾਕਟਰ ਨੂੰਹ ਨੇ ਆਪਣੇ ਪਤੀ ਸਣੇ ਸਹੁਰੇ ਪਰਿਵਾਰ 'ਤੇ ਦਾਜ ਲਈ ਤੰਗ ਪਰੇਸ਼ਾਨ ਕਰਨ ਅਤੇ ਰਾਤ ਨੂੰ ਕਰੀਬ ਸਵਾ ਸਾਲ ਦੀ ਬੱਚੀ ਸਣੇ ਘਰੋਂ ਬਾਹਰ ਕੱਢਣ ਦੇ ਇਲਜਾਮ ਲਗਾਏ ਹਨ। ਮਿਲੀ ਜਾਣਕਾਰੀ ਮੁਤਾਬਿਕ ਸਹੁਰੇ ਪਰਿਵਾਰ ਵੱਲੋਂ ਮਹਿਲਾ ਨਾਲ ਅਜਿਹਾ ਵਤੀਰਾ ਕਰਨ ਮਗਰੋਂ ਕੁੜੀ ਦੇ ਮਾਪੇ ਅਬੋਹਰ ਪਹੁੰਚੇ। ਮਾਮਲੇ ਸਬੰਧੀ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਮਲੋਟ ਵਾਸੀ ਭੂਸ਼ਣ ਗੁਪਤਾ ਨੇ ਇਲਜਾਮ ਲਾਏ ਕਿ ਉਸਨੇ ਆਪਣੀ ਬੇਟੀ ਰੀਆ ਦਾ ਵਿਆਹ ਅਬੋਹਰ ਦੇ ਉਦਯੋਗਪਤੀ ਆਰ ਡੀ ਗਰਗ ਦੇ ਬੇਟੇ ਉਮੇਸ਼ ਗਰਗ ਨਾਲ ਕਰੀਬ 2 ਸਾਲ ਪਹਿਲਾ ਰੀਤੀ ਰਿਵਾਜਾਂ ਅਤੇ ਆਪਣੀ ਹੈਸੀਅਤ ਤੋਂ ਵੱਧ ਰਕਮ ਖਰਚ ਕਰਕੇ ਕੀਤੀ ਸੀ। ਵਿਆਹ ਤੋਂ ਬਾਅਦ ਉਸਦੀ ਬੇਟੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਪਰ ਰੀਆ ਦੇ ਪਤੀ ਸਣੇ ਸਹੁਹੇ ਪਰਿਵਾਰ ਵਲੋ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਹਿਲਾ ਪੰਚਾਇਤ ਵੀ ਹੋਈ ਹੈ ਪਰ ਉਸਦੇ ਬਾਵਜੂਦ ਉਸਦੀ ਬੇਟੀ ਨੂੰ ਤੰਗ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਅੱਧੀ ਰਾਤ ਨੂੰ ਉਸਦੀ ਬੇਟੀ ਦਾ ਫੋਨ ਆਇਆ ਕਿ ਉਸਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ 112 ’ਤੇ ਫੋਨ ਕਰਨ ਤੋਂ ਬਾਅਦ ਪੁਲਿਸ ਪਹੁੰਚੀ ਹੈ। ਉਹ ਮੰਗ ਕਰਦੇ ਹਨ ਕਿ ਬਣਦੀ ਕਾਰਵਾਈ ਕੀਤੀ ਜਾਵੇ।
ਉਦਯੋਗਪਤੀ ਦੀ ਨੂੰਹ ਡਾਕਟਰ ਰੀਆ ਨੇ ਇਲਜਾਮ ਲਾਏ ਕਿ ਉਸਦਾ ਪਤੀ , ਸੱਸ ਸਹੁਰਾ ਅਤੇ ਹੋਰ ਮੈਂਬਰ ਉਸਨੂੰ ਵਿਆਹ ਤੋਂ ਬਾਅਦ ਦੇ ਹੀ ਤੰਗ ਪਰੇਸ਼ਾਨ ਕਰ ਰਹੇ ਹਨ। ਅੱਜ ਉਸਨੂੰ ਬਾਹਰ ਕੱਢ ਦਿੱਤਾ ਤਾਂ ਉਸਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ ਅਤੇ ਉਹ ਆਏ ਹਨ। ਦਰਵਾਜਾ ਤੱਕ ਨਹੀਂ ਖੋਲ੍ਹਿਆ ਜਾ ਰਿਹਾ ਹੈ। ਇਸ ਲਈ ਉਹ ਆਪਣੇ ਮਾਪਿਆਂ ਨਾਲ ਹੀ ਜਾਵੇਗੀ ਅਤੇ ਇਨਸਾਫ ਦੀ ਮੰਗ ਕਰਦੀ ਹੈ।
ਉਧਰ ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨੇ ਇੰਚਾਰਜ ਨੇ ਕਿਹਾ ਕਿ ਲੜਕੀ ਆਪਣੀ ਬੱਚੀ ਦੇ ਨਾਲ ਘਰ ਦੇ ਬਾਹਰ ਸੀ ਤੇ ਦਰਵਾਜਾ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦਰਵਾਜਾ ਨਹੀ ਖੋਲ੍ਹਿਆ ਜਾ ਰਿਹਾ ਹੈ। ਇਸ ਲਈ ਹੁਣ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : Coldrif Syrup Ban in Punjab : ਮੱਧ ਪ੍ਰਦੇਸ਼ 'ਚ 10 ਬੱਚਿਆਂ ਦੀ ਮੌਤ ਦਾ ਮਾਮਲਾ; ਪੰਜਾਬ 'ਚ ਕੋਲਡਰਿਫ਼ ਦਵਾਈ 'ਤੇ ਲੱਗੀ ਪਾਬੰਦੀ
- PTC NEWS