ਗੁਰੂ ਘਰ ’ਚ ਪੁਲਿਸ ਦੇ ਜੁੱਤੀਆਂ ਪਾ ਕੇ ਦਾਖ਼ਲ ਹੋਣ ਅਤੇ ਮਰਯਾਦਾ ਦੀ ਉਲੰਘਣਾ ਲਈ ਪ੍ਰਸ਼ਾਸਨ ਜੁੰਮੇਵਾਰ - ਗਿਆਨੀ ਰਘਬੀਰ ਸਿੰਘ
ਅੰਮ੍ਰਿਤਸਰ: 23 ਨਵੰਬਰ 2023 ਨੂੰ ਸੁਲਤਾਨਪੁਰ ਲੋਧੀ ਵਿਖੇ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਕਾਰ ਵਾਪਰੀ ਹਿੰਸਕ ਘਟਨਾ ਅਤੇ ਪੁਲਿਸ ਦਾ ਜੁੱਤੀਆਂ ਪਾ ਕੇ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਣਾ ਬਹੁਤ ਹੀ ਨਿੰਦਨਯੋਗ ਘਟਨਾ ਹੈ। ਗੁਰੂ ਘਰ ਵਿਚ ਪੁਲਿਸ ਦੇ ਜੁੱਤੀਆਂ ਪਾ ਕੇ ਦਾਖ਼ਲ ਹੋਣ ਅਤੇ ਮਰਯਾਦਾ ਦੀ ਉਲਘੰਣਾ ਲਈ ਪ੍ਰਸ਼ਾਸਨ ਸਿੱਧੇ ਤੌਰ ’ਤੇ ਜੁੰਮੇਵਾਰ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਿਲਕੁਲ ਸਾਹਮਣੇ ਪੈਂਦੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ (ਛਾਉਣੀ ਨਿਹੰਗ ਸਿੰਘਾਂ) ਵਿਖੇ ਟਕਰਾਅ ਤੇ ਤਲਖ਼ ਹਾਲਾਤ ਪੈਦਾ ਹੋਣ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਨਿਹੰਗ ਸਿੰਘਾਂ ਦੀ ਛਾਉਣੀ ਵਿਚ ਦਾਖ਼ਲ ਹੋਈ ਤਾਂ ਉਸ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਸਨ। ਜਿਸ ਤਰ੍ਹਾਂ ਪੁਲਿਸ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਈ ਇਸ ਨਾਲ ਸ੍ਰੀ ਅਖੰਡ ਪਾਠ ਸਾਹਿਬ ਖੰਡਤ ਹੋ ਸਕਦੇ ਸਨ, ਪਰੰਤੂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਸਮੇਂ ਸਿਰ ਪਹੁੰਚ ਕੇ ਸ੍ਰੀ ਅਖੰਡ ਪਾਠ ਸਾਹਿਬ ਜਾਰੀ ਰੱਖੇ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਨਿਹੰਗ ਸਿੰਘਾਂ ਦੀ ਛਾਉਣੀ ’ਚ ਦਾਖ਼ਲ ਹੋਣ ਸਮੇਂ ਹੋਏ ਟਕਰਾਅ ’ਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋਣਾ ਵੀ ਦੁਖਦਾਈ ਹੈ। ਪਰੰਤੂ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਦੇ ਆਪਸੀ ਮਸਲੇ ਵਿਚ ਪੁਲਿਸ ਦਾ ਗੈਰ ਪੇਸ਼ੇਵਰ ਢੰਗ ਨਾਲ ਦਖ਼ਲ ਦੇਣਾ ਅਤੇ ਗੁਰੂ ਘਰ ਦੀ ਮਾਣ ਮਰਯਾਦਾ ਦਾ ਉਲੰਘਣ ਕਰਨਾ ਨਾ ਕੇਵਲ ਪੁਲਿਸ ਪ੍ਰਸ਼ਾਸਨ ਬਲਕਿ ਪੰਜਾਬ ਸਰਕਾਰ ਦੀ ਮਨਸ਼ਾ ਉਪਰ ਵੀ ਸਵਾਲ ਖੜ੍ਹੇ ਕਰਦਾ ਹੈ।
ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਜਿਹਾ ਰਵੱਈਆ ਅਖ਼ਤਿਆਰ ਕਰਨ ਤੋਂ ਹਮੇਸ਼ਾ ਗੁਰੇਜ ਕਰਨਾ ਚਾਹੀਦਾ ਹੈ, ਜਿਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਨੂੰ ਆਪਸੀ ਮਸਲੇ ਮਿਲ ਬੈਠ ਕੇ ਹੱਲ ਕਰਨ ਦੀ ਲੋੜ ਹੈ, ਤਾਂ ਜੋ ਕੋਈ ਬਾਹਰੀ ਤਾਕਤ ਸਿੱਖਾਂ ਦੇ ਮਾਮਲਿਆਂ ਵਿਚ ਦਖ਼ਲ ਦੇਣ ਅਤੇ ਸਿੱਖਾਂ ਨੂੰ ਵੰਡਣ ਦੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕੇ।
ਇਹ ਵੀ ਪੜ੍ਹੋ: ਨਾਬਾਲਗ ਭੈਣਾਂ ਨਾਲ ਸਮੂਹਿਕ ਜਬਰ ਜ਼ਿਨਾਹ ਅਤੇ ਕਤਲ ਦੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ
- PTC NEWS