Mansa News : ਐਡਵੋਕੇਟ ਦਿਲਜੋਤ ਸ਼ਰਮਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮਾਨਸਾ ਵਿਖੇ ਧਰਨਾ ਪ੍ਰਦਰਸ਼ਨ
Mansa News : ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੀ ਲੜਕੀ ਐਡਵੋਕੇਟ ਦਿਲਜੋਤ ਸ਼ਰਮਾ ਦੀ ਲੁਧਿਆਣਾ ਵਿਖੇ ਪਿਛਲੇ ਦਿਨੀ ਹੋਈ ਭੇਦਭਰੇ ਹਾਲਾਤਾਂ ਵਿੱਚ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਜਾਂਚ ਕਰਨ ਦੀ ਮੰਗ ਨੂੰ ਲੈ ਕੇ ਮਾਨਸਾ ਵਿਖੇ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨਾ ਪ੍ਰਦਰਸ਼ਨ ਕਰ ਰਹੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਐਡਵੋਕੇਟ ਦਿਲਜੋਤ ਕੌਰ ਲੁਧਿਆਣਾ ਵਿਖੇ ਇੱਕ ਜਥੇਬੰਦੀ ਦੇ ਵਿੱਚ ਕੰਮ ਕਰਦੀ ਸੀ ਪਰ ਉਸ ਜਥੇਬੰਦੀ ਵੱਲੋਂ ਉਸ ਨੂੰ ਟੋਰਚਰ ਕੀਤਾ ਜਾ ਰਿਹਾ ਸੀ ,ਜਿਸ ਨੂੰ ਲੈ ਕੇ ਐਡਵੋਕੇਟ ਦਿਲਜੋਤ ਕੌਰ ਦੀ ਮੌਤ ਹੋਣ ਸਬੰਧੀ ਪਰਿਵਾਰ ਨੂੰ ਜਾਣਕਾਰੀ ਮਿਲੀ ਸੀ।
ਪਰਿਵਾਰ ਨੇ ਕਿਹਾ ਕਿ ਦਿਲਜੋਤ ਕੌਰ ਪਿਛਲੇ ਸਮੇਂ ਤੋਂ ਇੱਕ ਜਥੇਬੰਦੀ ਦੇ ਵਿੱਚ ਕੰਮ ਕਰ ਰਹੀ ਸੀ ਅਤੇ ਉਸ ਜਥੇਬੰਦੀ ਦੇ ਆਗੂਆਂ ਵੱਲੋਂ ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਦਿਲਜੋਤ ਕੌਰ ਆਖਿਰ ਪਰੇਸ਼ਾਨੀ ਦੇ ਵਿੱਚ ਰਹਿੰਦੀ ਸੀ। ਉਹਨਾਂ ਦੋਸ਼ ਲਾਇਆ ਕਿ ਦਿਲਜੋਤ ਕੌਰ ਦਾ ਕਤਲ ਕੀਤਾ ਗਿਆ ਹੈ ਅਤੇ ਇਸ ਨੂੰ ਲੈ ਕੇ ਪੰਜਾਬ ਪੁਲਿਸ ਜਾਂਚ ਕਰੇ। ਉਹਨਾਂ ਕਿਹਾ ਕਿ ਅੱਜ ਮਾਨਸਾ ਦੇ ਐਸਐਸਪੀ ਰਾਹੀਂ ਡੀਜੀਪੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਜਾਵੇਗਾ ਤੇ ਮੰਗ ਕੀਤੀ ਜਾਵੇਗੀ ਕਿ ਐਡਵੋਕੇਟ ਦਿਲਜੋਤ ਕੌਰ ਦੇ ਮਾਮਲੇ ਵਿੱਚ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।
ਮ੍ਰਿਤਕਾ ਦਿਲਜੋਤ ਦੇ ਮਾਤਾ ਨੇ ਬੀਤੇ ਦਿਨੀਂ ਵੀ ਕਿਹਾ ਕਿ 'ਮੇਰੀ ਧੀ ਦੀ ਮੌਤ ਦੀ ਜਾਂਚ ਸਹੀ ਢੰਗ ਨਾਲ ਕੀਤੀ ਜਾਵੇ। ਜਥੇਬੰਦੀ ਹੁਣ ਇਸ ਮਾਮਲੇ 'ਚ ਪਿੱਛਾ ਛੁਡਵਾ ਰਹੀ ਹੈ ਪਰ ਇਨ੍ਹਾਂ ਦਾ ਮੇਰੀ ਕੁੜੀ ਦੀ ਮੌਤ ਨਾਲ ਸਬੰਧ ਹੈ। ਸਾਡਾ ਮੰਨਣਾ ਹੈ ਕਿ ਮੇਰੀ ਕੁੜੀ ਨੇ ਖੁਦਕੁਸ਼ੀ ਨਹੀਂ ਕੀਤੀ, ਜੇਕਰ ਕੀਤੀ ਹੈ ਤਾਂ ਉਸ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ। ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਭੇਤਭਰੀ ਮੌਤ ਪਿੱਛੇ ਜਥੇਬੰਦੀ ਦੇ ਆਗੂ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਉਨ੍ਹਾ ਦੀ ਬੇਟੀ ਨੂੰ ਵਰਗਲਾ ਕੇ ਰੱਖਿਆ ਹੋਇਆ ਸੀ।
ਜ਼ਿਕਯੋਗ ਹੈ ਕਿ 5 ਜਨਵਰੀ ਨੂੰ ਐਡਵੋਕੇਟ ਦਿਲਜੋਤ ਸ਼ਰਮਾ ਦੀ ਭੇਤਭਰੇ ਹਲਾਤ ਵਿੱਚ ਮੌਤ ਹੋ ਗਈ ਸੀ। ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ ਸੀ। ਐਡਵੋਕੇਟ ਦਿਲਜੋਤ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ ਲਲਕਾਰ ਜਥੇਬੰਦੀ ਨਾਲ ਜੁੜ ਕੇ ਕੰਮ ਕਰ ਰਹੀ ਸੀ। ਹੁਣ ਖੱਬੇਪੱਖੀ ਅਤੇ ਜਮਹੂਰੀ ਜਥੇਬੰਦੀਆਂ ਨੇ ਮਿਲ ਕੇ ਐਕਸ਼ਨ ਕਮੇਟੀ ਬਣਾ ਕੇ ਐਡਵੋਕੇਟ ਦਿਲਜੋਤ ਸ਼ਰਮਾ ਦੀ ਮੌਤ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
- PTC NEWS