DIPS School Tanda ਦੇ ਬੱਚਿਆਂ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਮੁੱਖ ਮੰਤਰੀ ਦੇ ਪ੍ਰੋਗਰਾਮ 'ਚ ਨਾ ਭੇਜਣ ਦੀ ਧਮਕੀ
DIPS School Tanda Threat : ਪੰਜਾਬ ਸਮੇਤ ਦੇਸ਼ ਭਰ 'ਚ ਲਗਾਤਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹੁਣ ਹੁਸ਼ਿਆਰਪੁਰ ਦੇ ਟਾਂਡਾ ਦੇ DIPS ਸਕੂਲ ਨੂੰ ਇੱਕ ਧਮਕੀ ਭਰੀ ਈਮੇਲ ਆਈ ਹੈ। ਇਸ ਈਮੇਲ 'ਚ ਲਿਖਿਆ ਹੈ ਕਿ ਜੇਕਰ 26 ਜਨਵਰੀ ਨੂੰ ਹੁਸ਼ਿਆਰਪੁਰ 'ਚ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ 'ਚ ਸਕੂਲ ਦੇ ਬੱਚੇ ਭੇਜੇ ਤਾਂ ਉੱਥੇ ਬਹੁਤ ਵੱਡਾ ਬਲਾਸਟ ਹੋਵੇਗਾ।
ਈਮੇਲ 'ਚ ਲਿਖਿਆ ਗਿਆ ਕਿ ਤੁਸੀਂ ਆਪਣੇ ਬੱਚੇ ਆਪਣੇ ਸਕੂਲ ਹੀ ਵਿੱਚ ਹੀ ਰੱਖਣੇ ਹਨ। ਇਸ ਦੀ ਜਾਣਕਾਰੀ ਡੀਐਸਪੀ ਸਿਟੀ ਦਵਿੰਦਰ ਸਿੰਘ ਬਾਜਵਾ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਵੱਲੋਂ ਸਾਡੇ ਕੋਲ ਇੱਕ ਐਫਆਈਆਰ ਆਈ ਹੈ ,ਜਿੱਥੇ ਲਿਖਿਆ ਹੈ ਕਿ ਇੱਕ ਸਾਨੂੰ ਈਮੇਲ ਆਈ ਹੈ ,ਜਿਸ ਵਿੱਚ ਬੱਚਿਆਂ ਨੂੰ ਉਸ ਪ੍ਰੋਗਰਾਮ 'ਚ ਨਾ ਭੇਜਣ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਤਫਤੀਸ਼ ਕੀਤੀ ਜਾ ਰਹੀ ਹੈ।
ਇੱਕ ਦਿਨ ਪਹਿਲਾਂ ਹਿਮਾਚਲ ਦੇ CM ਨੂੰ ਬੰਬ ਨਾਲ ਉਡਾਉਣ ਦੀ ਮਿਲੀ ਸੀ ਧਮਕੀ
ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਗਣਤੰਤਰ ਦਿਵਸ 'ਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਹ ਧਮਕੀ ਸ਼ਿਮਲਾ ਦੇ ਡੀਸੀ ਦਫ਼ਤਰ ਨੂੰ ਈਮੇਲ ਰਾਹੀਂ ਭੇਜੀ ਗਈ ਸੀ। ਪੁਲਿਸ ਦੇ ਅਨੁਸਾਰ ਧਮਕੀ ਭਰੇ ਈਮੇਲ ਵਿੱਚ ਕਿਹਾ ਗਿਆ ਕਿ ਜੇਕਰ ਮੁੱਖ ਮੰਤਰੀ ਗਣਤੰਤਰ ਦਿਵਸ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਪਹੁੰਚਦੇ ਹਨ ਤਾਂ ਉਨ੍ਹਾਂ 'ਤੇ ਆਤਮਘਾਤੀ ਬੰਬ ਨਾਲ ਹਮਲਾ ਕੀਤਾ ਜਾਵੇਗਾ।
- PTC NEWS