ਗਾਜ਼ਾ 'ਚ ਸਕੂਲ 'ਤੇ ਇਜ਼ਰਾਈਲੀ ਹਮਲੇ 'ਚ ਅਲ-ਜਜ਼ੀਰਾ ਦੇ ਪੱਤਰਕਾਰ ਦੀ ਮੌਤ, ਦੂਜਾ ਗੰਭੀਰ ਜ਼ਖਮੀ
PTC News Desk: ਇਜ਼ਰਾਇਲੀ ਫੌਜ ਨੇ ਦੱਖਣੀ ਗਾਜ਼ਾ 'ਚ ਹਮਾਸ ਦੇ ਅੱਤਵਾਦੀ ਟਿਕਾਣਿਆਂ 'ਤੇ ਹਮਲੇ ਜਾਰੀ ਰੱਖੇ ਹੋਏ ਹਨ। ਇਜ਼ਰਾਈਲ ਨੇ ਨਵੇਂ ਟੀਚਿਆਂ 'ਤੇ ਬੰਬਾਰੀ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਦੱਖਣੀ ਗਾਜ਼ਾ 'ਚ ਸ਼ੁੱਕਰਵਾਰ ਨੂੰ ਇਜ਼ਰਾਈਲੀ ਹਵਾਈ ਹਮਲੇ 'ਚ ਨਿਊਜ਼ ਚੈਨਲ ਅਲ-ਜਜ਼ੀਰਾ ਦਾ ਇਕ ਪੱਤਰਕਾਰ ਮਾਰਿਆ ਗਿਆ ਅਤੇ ਉਸ ਦਾ ਸਾਥੀ ਜ਼ਖਮੀ ਹੋ ਗਿਆ।
ਨਿਊਜ਼ ਚੈਨਲ ਨੇ ਇਕ ਬਿਆਨ 'ਚ ਕਿਹਾ ਕਿ ਖਾਨ ਯੂਨਿਸ ਦੇ ਇਕ ਸਕੂਲ 'ਤੇ ਇਜ਼ਰਾਈਲੀ ਮਿਜ਼ਾਈਲ ਹਮਲੇ 'ਚ ਉਸ ਦੇ ਕੈਮਰਾਮੈਨ ਸਮੀਰ ਅਬੂ ਡੱਕਾ ਅਤੇ ਗਾਜ਼ਾ ਦੇ ਬਿਊਰੋ ਚੀਫ ਵੇਲ ਅਲ-ਦਾਹਦੌਹ ਜ਼ਖਮੀ ਹੋ ਗਏ। ਗੰਭੀਰ ਰੂਪ ਵਿੱਚ ਜ਼ਖਮੀ ਸਮੀਰ ਦੀ ਬਾਅਦ ਵਿੱਚ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਮੌਤ ਹੋ ਗਈ ਕਿਉਂਕਿ ਇਜ਼ਰਾਈਲੀ ਬਲਾਂ ਨੇ ਐਂਬੂਲੈਂਸਾਂ ਅਤੇ ਬਚਾਅ ਕਰਮਚਾਰੀਆਂ ਨੂੰ ਉਸ ਤੱਕ ਪਹੁੰਚਣ ਤੋਂ ਰੋਕ ਦਿੱਤਾ ਸੀ। ਜਿਸ ਕਾਰਨ ਉਹ ਜ਼ਰੂਰੀ ਐਮਰਜੈਂਸੀ ਇਲਾਜ ਨਹੀਂ ਕਰਵਾ ਸਕਿਆ।
ਅਮਰੀਕਾ ਨੇ ਵੀ ਦਿੱਤਾ ਪ੍ਰਤੀਕਰਮ
ਇਸ ਦੇ ਨਾਲ ਹੀ ਇਸਰਾਈਲੀ ਫੌਜ ਨੇ ਇਸ ਘਟਨਾ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਵਿਦੇਸ਼ੀ ਪ੍ਰੈਸ ਐਸੋਸੀਏਸ਼ਨ ਨੇ ਇਜ਼ਰਾਈਲੀ ਫੌਜ ਨੂੰ ਘਟਨਾ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਇਸ ਘਟਨਾ ਨੂੰ ਗਾਜ਼ਾ ਵਿੱਚ ਪ੍ਰੈਸ ਦੀ ਪਹਿਲਾਂ ਹੀ ਸੀਮਤ ਆਜ਼ਾਦੀ ਲਈ ਇੱਕ ਗੰਭੀਰ ਝਟਕਾ ਮੰਨਦੇ ਹਾਂ।"
ਵ੍ਹਾਈਟ ਹਾਊਸ ਵਿਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਜੌਨ ਕਿਰਬੀ ਨੇ ਵਾਸ਼ਿੰਗਟਨ ਵਿਚ ਇਕ ਪ੍ਰੈਸ ਬ੍ਰੀਫਿੰਗ ਵਿਚ ਕਿਹਾ, “ਸਾਡੇ ਕੋਲ ਅਜੇ ਤੱਕ ਕੋਈ ਸੰਕੇਤ ਨਹੀਂ ਹੈ ਕਿ ਇਜ਼ਰਾਈਲ ਜਾਣਬੁੱਝ ਕੇ ਇਸ ਯੁੱਧ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।"
ਹਮਾਸ ਦੇ ਖ਼ਾਤਮੇ ਤੱਕ ਜਾਰੀ ਰੱਖਾਂਗੇ ਜੰਗ - ਪੀਐਮ ਬੈਂਜਾਮਿਨ ਨੇਤਨਯਾਹੂ
ਫਲਸਤੀਨੀ ਸਿਹਤ ਅਧਿਕਾਰੀਆਂ ਨੇ ਹੁਣ ਤੱਕ 19,000 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, ਹਜ਼ਾਰਾਂ ਲੋਕ ਮਲਬੇ ਹੇਠ ਦੱਬੇ ਹੋਏ ਹਨ ਜਦਕਿ ਕਈ ਭੁੱਖ-ਪਿਆਸ ਅਤੇ ਸਹੀ ਇਲਾਜ ਨਾ ਮਿਲਣ ਕਾਰਨ ਮਰ ਰਹੇ ਹਨ। ਇਜ਼ਰਾਇਲੀ ਫੌਜ ਨੇ ਕਿਹਾ ਕਿ ਗਾਜ਼ਾ ਦੇ ਸ਼ਿਜੀਆ ਜ਼ਿਲ੍ਹੇ ਵਿੱਚ ਹਮਾਸ ਕਮਾਂਡ ਅਤੇ ਕੰਟਰੋਲ ਹੱਬ ਅਤੇ ਖਾਨ ਯੂਨਿਸ ਵਿੱਚ ਅੱਤਵਾਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਜ਼ਰਾਈਲ ਦੇ ਪੀਐਮ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੂੰ ਕਿਹਾ ਕਿ ਅਸੀਂ ਪੂਰੀ ਜਿੱਤ ਤੱਕ ਹਮਾਸ ਦੇ ਖਿਲਾਫ ਲੜਾਈ ਜਾਰੀ ਰੱਖਾਂਗੇ।
ਇਜ਼ਰਾਈਲ ਨੇ ਗਲਤੀ ਨਾਲ ਆਪਣੇ ਹੀ ਨਾਗਰਿਕਾਂ ਨੂੰ ਉਤਾਰਿਆ ਮੌਤ ਦੇ ਘਾਟ
ਇਸ ਦੌਰਾਨ ਸ਼ੁੱਕਰਵਾਰ ਨੂੰ ਇਜ਼ਰਾਇਲੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਇਜ਼ਰਾਇਲੀ ਬਲਾਂ ਨੇ ਗਲਤੀ ਨਾਲ ਗਾਜ਼ਾ 'ਚ ਹਮਾਸ ਦੁਆਰਾ ਬੰਧਕ ਬਣਾਏ ਗਏ ਤਿੰਨ ਇਜ਼ਰਾਇਲੀ ਨਾਗਰਿਕਾਂ ਨੂੰ ਮਾਰ ਦਿੱਤਾ। ਬੁਲਾਰੇ ਨੇ ਕਿਹਾ ਕਿ ਫੌਜ ਇਸ ਮਾਮਲੇ ਦੀ ਸਮੀਖਿਆ ਕਰ ਰਹੀ ਹੈ। ਟਾਈਮਜ਼ ਆਫ਼ ਇਜ਼ਰਾਈਲ ਨੇ ਆਈ.ਡੀ.ਐਫ. ਦੇ ਬੁਲਾਰੇ ਡੇਨੀਅਲ ਹਾਗਰੀ ਦੇ ਹਵਾਲੇ ਨਾਲ ਕਿਹਾ ਕਿ ਇਜ਼ਰਾਈਲੀ ਰੱਖਿਆ ਬਲਾਂ ਨੇ ਤਿੰਨ ਬੰਧਕਾਂ 'ਤੇ ਗੋਲੀਬਾਰੀ ਕੀਤੀ, ਉਨ੍ਹਾਂ ਨਾਗਰਿਕਾਂ ਨੂੰ ਗਲਤੀ ਨਾਲ 'ਖਤਰੇ' ਵਜੋਂ ਪਛਾਣਨ ਤੋਂ ਬਾਅਦ ਮਾਰ ਦਿੱਤਾ। ਹਾਗਾਰੀ ਨੇ ਕਿਹਾ ਕਿ ਆਈ.ਡੀ.ਐਫ "ਦੁਖਦਾਈ ਘਟਨਾ" ਦੀ ਜ਼ਿੰਮੇਵਾਰੀ ਲੈਂਦਾ ਹੈ।
- With inputs from agencies