Alia Bhatt: ਆਲੀਆ ਭੱਟ ਦੇ ਇਸ ਕਰੀਬੀ ਦਾ ਦੇਹਾਂਤ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰ ਦੱਸੀ ਪ੍ਰੇਸ਼ਾਨੀ
Alia Bhatt: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੇ ਨਾਨਾ ਨਰਿੰਦਰਨਾਥ ਰਾਜ਼ਦਾਨ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ 95 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਨਰਿੰਦਰਨਾਥ ਰਾਜ਼ਦਾਨ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ, ਜਿਸ ਕਾਰਨ ਆਲੀਆ ਨੇ ਕਾਨਸ ਜਾਣਾ ਵੀ ਰੱਦ ਕਰ ਦਿੱਤਾ ਸੀ। ਆਲੀਆ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਾਨਾ ਦੀ ਇੱਕ ਵੀਡੀਓ ਸ਼ੇਅਰ ਕਰਕੇ ਇੱਕ ਭਾਵੁਕ ਪੋਸਟ ਲਿਖੀ ਹੈ।

ਦੱਸ ਦਈਏ ਕਿ ਫੇਫੜਿਆਂ 'ਚ ਫੈਲ ਰਹੀ ਇਨਫੈਕਸ਼ਨ ਕਾਰਨ ਨਰਿੰਦਰ ਨਾਥ ਰਾਜ਼ਦਾਨ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਇਨਫੈਕਸ਼ਨ ਵਧਣ ਕਾਰਨ ਉਨ੍ਹਾਂ ਨੂੰ ਆਈਸੀਯੂ 'ਚ ਸ਼ਿਫਟ ਕਰ ਦਿੱਤਾ ਗਿਆ, ਜਿੱਥੇ ਵੀਰਵਾਰ ਯਾਨੀ ਅੱਜ ਉਨ੍ਹਾਂ ਦੀ ਮੌਤ ਹੋ ਗਈ।

ਆਲੀਆ ਭੱਟ ਨੇ ਨਾਨੇ ਦੀ ਵੀਡੀਓ ਕੀਤੀ ਸ਼ੇਅਰ
ਆਲੀਆ ਭੱਟ ਨੇ ਆਪਣੇ ਨਾਨੇ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਆਲੀਆ ਦੇ ਨਾਨਾ ਜੀ ਕੇਕ ਕੱਟਦੇ ਨਜ਼ਰ ਆ ਰਹੇ ਹਨ ਅਤੇ ਉਹ ਸਾਰਿਆਂ ਨੂੰ ਮੁਸਕਰਾਉਣ ਲਈ ਵੀ ਕਹਿ ਰਹੇ ਹਨ। ਵੀਡੀਓ 'ਚ ਰਣਬੀਰ ਕਪੂਰ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਨਾਲ ਆਲੀਆ ਭੱਟ ਨੇ ਆਪਣੇ ਨਾਨੇ ਨੂੰ ਇੱਕ ਇਮੋਸ਼ਨਲ ਨੋਟ ਵੀ ਲਿਖਿਆ ਹੈ।
ਆਲੀਆ ਨੇ ਲਿਖਿਆ, ''93 ਤੱਕ ਗੋਲਫ ਖੇਡੀ, 93 ਤੱਕ ਕੰਮ ਕੀਤਾ, ਸਭ ਤੋਂ ਵਧੀਆ ਆਮਲੇਟ ਬਣਾਇਆ, ਵਧੀਆ ਕਹਾਣੀਆਂ ਸੁਣਾਈਆਂ, ਵਾਇਲਨ ਵਜਾਇਆ, ਆਪਣੀ ਪੋਤੀ ਨਾਲ ਖੇਡਿਆ, ਕ੍ਰਿਕੇਟ ਨੂੰ ਪਿਆਰ ਕੀਤਾ, ਆਪਣੇ ਪਰਿਵਾਰ ਨੂੰ ਆਖਰੀ ਪਲ ਤੱਕ ਪਿਆਰ ਕੀਤਾ। ਮੇਰੀ ਜ਼ਿੰਦਗੀ ਨੂੰ ਪਿਆਰ ਕੀਤਾ! ਮੇਰਾ ਦਿਲ ਉਦਾਸੀ ਨਾਲ ਭਰਿਆ ਹੋਇਆ ਹੈ ਪਰ ਖੁਸ਼ੀ ਨਾਲ ਵੀ ਭਰਿਆ ਹੋਇਆ ਹੈ.. ਕਿਉਂਕਿ ਮੇਰੇ ਨਾਨਾ ਨੇ ਸਾਨੂੰ ਖੁਸ਼ੀ ਦਿੱਤੀ ਹੈ ਅਤੇ ਅਸੀਸ ਅਤੇ ਸ਼ੁਕਰਗੁਜ਼ਾਰ ਮਹਿਸੂਸ ਕਰਦੇ ਹਾਂ ਕਿ ਅਸੀਂ ਤੁਹਾਡੀ ਰੋਸ਼ਨੀ ਵਿਚ ਵੱਡੇ ਹੋਏ ਹਾਂ ਜੋ ਤੁਸੀਂ ਸਾਨੂੰ ਦਿੱਤੀ ਹੈ!"
ਨਾਨਾ ਦੀ ਸਿਹਤ ਠੀਕ ਨਾ ਹੋਣ ਕਾਰਨ ਆਲੀਆ ਆਈਫਾ 'ਚ ਨਹੀਂ ਹੋਈ ਸੀ ਸ਼ਾਮਲ
ਦੱਸ ਦੇਈਏ ਕਿ ਜਦੋਂ ਆਲੀਆ ਨੂੰ ਆਪਣੇ ਨਾਨਾ ਜੀ ਦੀ ਖ਼ਰਾਬ ਸਿਹਤ ਬਾਰੇ ਪਤਾ ਲੱਗਾ ਤਾਂ ਉਸ ਸਮੇਂ ਉਹ ਆਈਫਾ ਐਵਾਰਡ ਲਈ ਜਾ ਰਹੀ ਸੀ ਪਰ ਜਿਵੇਂ ਹੀ ਉਸ ਨੂੰ ਇਹ ਖ਼ਬਰ ਮਿਲੀ ਤਾਂ ਉਹ ਹਵਾਈ ਅੱਡੇ ਤੋਂ ਉਲਟੇ ਪੈਰੀਂ ਪਰਤ ਆਈ।
- PTC NEWS