Talwandi Sabo Kabbadi Video : ਕਬੱਡੀ ਰਿੰਗ ਬਣਿਆ 'ਅਖਾੜਾ', ਆਪਸ 'ਚ ਭਿੜੀਆਂ ਤਾਮਿਲਨਾਡੂ ਤੇ ਬਿਹਾਰ ਦੀਆਂ ਖਿਡਾਰਨਾਂ, ਚੱਲੀਆਂ ਕੁਰਸੀਆਂ
All India University Kabaddi Championship : ਤਲਵੰਡੀ ਸਾਬੋ 'ਚ ਸ਼ਨੀਵਾਰ ਆਲ ਇੰਡੀਆ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ 2024-25 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੁੜੀਆਂ ਦੀ ਇਹ ਕਬੱਡੀ ਚੈਂਪੀਅਨਸ਼ਿਪ 'ਅਖਾੜਾ' (Girls Kabaddi Video) ਬਣ ਗਈ। ਇਸ ਦੌਰਾਨ ਤਾਮਿਲਨਾਡੂ ਅਤੇ ਬਿਹਾਰ ਦੀਆਂ ਖਿਡਾਰਨਾਂ 'ਚ ਜੰਮ ਕੇ ਬਹਿਸਬਾਜ਼ੀ ਹੋਈ ਅਤੇ ਨੌਬਤ ਝਗੜੇ ਤੱਕ ਪਹੁੰਚ ਗਈ। ਦੋਵੇਂ ਧਿਰਾਂ ਵੱਲੋਂ ਇੱਕ-ਦੂਜੇ 'ਤੇ ਕੁਰਸੀਆਂ ਵੀ ਚਲਾਈਆਂ ਗਈਆਂ, ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਸਬ ਡਿਵੀਜ਼ਨ ਤਲਵੰਡੀ ਸਾਬੋ (Talwandi Sabo Kabbadi Fight) ਵਿਖੇ ਆਲ ਇੰਡੀਆ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ (ਕੁੜੀਆਂ) 2024-25 ਕਰਵਾਈ ਜਾ ਰਹੀ ਹੈ। ਸ਼ਨੀਵਾਰ ਕਬੱਡੀ ਚੈਂਪੀਅਨਸ਼ਿਪ (Kabbadi Championship fight Video) ਦੌਰਾਨ ਉਸ ਸਮੇਂ ਵਿਵਾਦ ਖੜਾ ਹੋ ਗਿਆ, ਜਦੋਂ ਬਿਹਾਰ ਅਤੇ ਤਾਮਿਲਨਾਡੂ ਦੀ ਟੀਮ ਵਿਚਕਾਰ ਮੁਕਾਬਲਾ ਚੱਲ ਰਿਹਾ ਸੀ, ਤਾਂ ਦੋਵਾਂ ਟੀਮਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ। ਇਸ ਦੌਰਾਨ ਹੀ ਬਿਹਾਰ ਦੀ ਇੱਕ ਹੋਰ ਟੀਮ ਦੀਆਂ ਕੁੜੀਆਂ ਵੀ ਰਿੰਗ ਵਿੱਚ ਦਾਖਲ ਹੋ ਗਈਆਂ, ਜਿਸ 'ਤੇ ਇਹ ਬਹਿਸਬਾਜ਼ੀ ਝਗੜੇ ਤੱਕ ਪਹੁੰਚ ਗਈ ਅਤੇ ਦੂਜੇ ਪਾਸੇ ਤਾਮਿਲਨਾਡੂ ਦੀ ਟੀਮ ਦਾ ਇੱਕ ਕੋਚ ਵੀ ਇਸ ਲੜਾਈ ਵਿੱਚ ਸ਼ਾਮਿਲ ਹੋ ਗਿਆ।
ਤੂੰ-ਤੂੰ ਮੈਂ-ਮੈਂ ਤੋਂ ਸ਼ੁਰੂ ਹੋਇਆ ਇਹ ਮਾਮਲਾ ਲੜਾਈ ਤੋਂ ਹੁੰਦਾ ਹੋਇਆ ਇਸ ਕਦਰ ਵਧ ਗਿਆ ਕਿ ਦੋਵੇਂ ਧਿਰਾਂ ਨੇ ਇੱਕ-ਦੂਜੇ 'ਤੇ ਜੰਮ ਕੇ ਕੁਰਸੀਆਂ ਵੀ ਚਲਾ ਦਿੱਤੀਆਂ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਮਦਰ ਟੈਰੇਸਾ ਯੂਨੀਵਰਸਿਟੀ, ਪੇਰੀਆਰ ਯੂਨੀਵਰਸਿਟੀ, ਅਲਗੱਪਾ ਯੂਨੀਵਰਸਿਟੀ ਅਤੇ ਭਰਥਿਆਰ ਯੂਨੀਵਰਸਿਟੀ ਦੀਆਂ ਮਹਿਲਾ ਖਿਡਾਰਨਾਂ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਕਬੱਡੀ (ਮਹਿਲਾ) ਚੈਂਪੀਅਨਸ਼ਿਪ 2024-25 ਵਿੱਚ ਭਾਗ ਲੈਣ ਲਈ ਪੰਜਾਬ ਵਿੱਚ ਆਈਆਂ ਸਨ।
ਝਗੜੇ ਦਾ ਕਾਰਨ ਕੀ ਸੀ ?
ਝਗੜੇ ਦੇ ਕਾਰਨ ਪਿੱਛੇ ਦਾਅਵਾ ਕੀਤਾ ਗਿਆ ਹੈ ਕਿ ਮੈਚ ਰੈਫਰੀ ਦੇ ਫੈਸਲੇ ਤੋਂ ਖਿਡਾਰੀ ਨਾਖੁਸ਼ ਹੋਣ ਤੋਂ ਬਾਅਦ ਲੜਾਈ ਸ਼ੁਰੂ ਹੋਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਵਿਵਾਦ ਦਰਭੰਗਾ ਯੂਨੀਵਰਸਿਟੀ ਨਾਲ ਮੈਚ ਦੌਰਾਨ ਮਦਰ ਟੈਰੇਸਾ ਯੂਨੀਵਰਸਿਟੀ ਖਿਲਾਫ 'ਗਲਤ ਹਮਲੇ' ਕਾਰਨ ਹੋਇਆ। ਕਬੱਡੀ ਮੈਚ ਦੇ ਰੈਫਰੀ ਨੇ ਮਦਰ ਟੈਰੇਸਾ ਦੀ ਟੀਮ ਦੇ ਮੈਂਬਰ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਨੇ ਇਕ ਦੂਜੇ 'ਤੇ ਹਮਲੇ ਸ਼ੁਰੂ ਕਰ ਦਿੱਤੇ।
ਪੁਲਿਸ ਦਾ ਕੀ ਹੈ ਕਹਿਣਾ ?
ਉਧਰ, ਮਾਮਲੇ ਦਾ ਪਤਾ ਲੱਗਦਿਆਂ ਹੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਦਖਲ ਦਿੱਤਾ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਵੇਂ ਧਿਰਾਂ ਨੂੰ ਸਮਝਾ ਬੁਝਾ ਕੇ ਮਾਮਲਾ ਹੱਲ ਕਰਵਾ ਦਿੱਤਾ, ਪਰ ਲੜਾਈ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਦੌਰਾਨ ਖਿਡਾਰੀ ਇੱਕ-ਦੂਜੇ ਦੇ ਉੱਪਰ ਕੁਰਸੀਆਂ ਮਾਰਦੇ ਨਜ਼ਰ ਵੀ ਆ ਰਹੇ ਹਨ।
- PTC NEWS